ਨਵਾਂਸ਼ਹਿਰ, 30 ਮਈ 2021 – ਸਤਲੁਜ ਦਰਿਆ ‘ਚ 4 ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਬਲਾਚੌਰ ਦੇ ਵੱਖ ਵੱਖ ਵਾਰਡਾ ਵਿਚ ਰਹਿੰਦੇ ਕਰੀਬ 15 ਨੌਜਵਾਨ ਪਿੰਡ ਔਲੀਆਪੁਰ ਨੇੜੇ ਦਰਿਆ ‘ਤੇ ਨਹਾਉਣ ਗਏ ਸਨ। ਨਹਾਉਂਦੇ ਸਮੇ ਅਚਾਨਕ 6 ਨੌਜਵਾਨ ਪਾਣੀ ਵਿੱਚ ਡੁੱਬ ਗਏ, ਜਿਨ੍ਹਾਂ ਵਿੱਚੋਂ 2 ਨੌਜਵਾਨ ਕਿਸੇ ਤਰੀਕੇ ਨਾਲ ਕਿਨਾਰੇ ‘ਤੇ ਪਹੁੰਚਣ ਵਿੱਚ ਕਾਮਯਾਬ ਹੋ ਗਏ, ਜਦੋਂ ਕਿ 4 ਨੌਜਵਾਨ ਪਾਣੀ ਵਿੱਚੋਂ ਨਿਕਲਣ ‘ਚ ਕਾਮਯਾਬ ਨਹੀਂ ਹੋ ਸਕੇ।
ਨੌਜਵਾਨਾਂ ਨੂੰ ਦਰਿਆ ਵਿਚ ਡੁੱਬਣ ਦੀ ਘਟਨਾ ਨੂੰ ਵੇਖ ਕੇ ਬਾਕੀ ਸਾਰੇ ਨੌਜਵਾਨ ਡਰ ਗਏ ਅਤੇ ਬਲਾਚੌਰ ਆ ਗਏ ਅਤੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਪੁਲਿਸ ਨਾਲ ਦਰਿਆ ‘ਤੇ ਲੈ ਪਹੁੰਚ ਗਏ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਡੁੱਬੀਆਂ ਚਾਰ ਨੋਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਾਈਆਂ ਗਈਆਂ ਹਨ।
ਮਰਨ ਵਾਲੇ 3 ਨੌਜਵਾਨ ਵਾਰਡ ਨੰਬਰ 4 ਦੇ ਵਸਨੀਕ ਦੱਸੇ ਜਾ ਰਹੇ ਹਨ, ਜਦੋਂਕਿ ਇਕ ਨੌਜਵਾਨ ਵਾਰਡ ਨੰਬਰ 7 ਦਾ ਦੱਸਿਆ ਜਾਂਦਾ ਹੈ। ਬਲਾਚੌਰ ਸਦਰ ਇੰਚਾਰਜ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹਰਦੀਪ ਕੁਮਾਰ, ਸੰਦੀਪ ਕੁਮਾਰ, ਹੈਪੀ ਅਤੇ ਨਿਤੀਨ ਵਜੋਂ ਹੋਈ ਹੈ ਅਤੇ ਸਾਰੇ ਮ੍ਰਿਤਕਾਂ ਦੀ ਉਮਰ 17-18 ਸਾਲ ਦੇ ਵਿਚਕਾਰ ਦਾਸੀ ਜਾ ਰਹੀ ਹੈ।