ਨਵੀਂ ਦਿੱਲੀ, 1 ਜੂਨ 2021 – ਦਿੱਲੀ ‘ਚ ਹੁਣ ਸ਼ਰਾਬ ਘਰ ਬੈਠਿਆਂ ਹੀ ਮਿਲੇਗੀ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਦੀ ਹੋਮ ਡਿਲਿਵਰੀ ਦੀ ਇਜਾਜ਼ਤ ਦੇ ਦਿੱਤੀ ਹੈ। ਮੋਬਾਈਲ ਐਪ ਜਾਂ ਵੈੱਬਸਾਈਟ ਤੋਂ ਆਰਡਰ ਦੇਣ ‘ਤੇ ਸ਼ਰਾਬ ਦੀ ਹੋਮ ਡਿਲਿਵਰੀ ਹੋਵੇਗੀ। ਇਸ ਤੋਂ ਪਹਿਲਾ ਛੱਤੀਸਗੜ੍ਹ ਸਰਕਾਰ ਅਜਿਹਾ ਫ਼ੈਸਲਾ ਲੈ ਚੁੱਕੀ ਹੈ।
ਦਿੱਲੀ ਸਰਕਾਰ ਨੇ ਦੇਸੀ ਅਤੇ ਵਿਦੇਸ਼ੀ ਹਰ ਕਿਸਮ ਦੀ ਸ਼ਰਾਬ ਦੀ ਹੋਮ ਡਿਲਿਵਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਆਰਡਰ ਮੋਬਾਇਲ ਐਪ ਜਾਂ ਵੈੱਬ ਪੋਰਟਲ ਰਾਹੀਂ ਦਿੱਤਾ ਜਾ ਸਕਦਾ ਹੈ। ਇਸ ਪਿੱਛੇ ਸਰਕਾਰ ਦਾ ਤਰਕ ਹੈ ਕਿ ਇਸ ਫੈਸਲੇ ਨਾਲ ਕੋਰੋਨਾ ਕਾਲ ’ਚ ਸ਼ਰਾਬ ਦੀਆਂ ਦੁਕਾਨਾਂ ’ਤੇ ਭੀੜ ਇਕੱਠੀ ਨਹੀਂ ਹੋਵੇਗੀ।
ਦਿੱਲੀ ਆਬਕਾਰੀ (ਸੋਧ) ਨਿਯਮ 2021 ਮੁਤਾਬਕ, ਐੱਲ-13 ਲਾਈਸੈਂਸ ਧਾਰਕਾਂ ਨੂੰ ਲੋਕਾਂ ਦੇ ਘਰ ਤਕ ਸ਼ਰਾਬ ਪਹੁੰਚਾਉਣ ਦੀ ਮਨਜ਼ੂਰੀ ਹੋਵੇਗੀ। ਲਾਈਸੈਂਸ ਧਾਰਕ ਸਿਰਫ਼ ਮੋਬਾਇਲ ਐਪ ਜਾਂ ਆਨਲਾਈਨ ਵੈੱਬ ਪੋਰਟਲ ਰਾਹੀਂ ਆਰਡਰ ਮਿਲਣ ’ਤੇ ਹੀ ਘਰਾਂ ’ਚ ਸ਼ਰਾਬ ਡਿਲਿਵਰ ਕਰੇਗਾ ਅਤੇ ਕਿਸੇ ਵੀ ਹੋਸਟਲ, ਦਫਤਰ ਅਤੇ ਸੰਸਥਾ ਨੂੰ ਕੋਈ ਡਿਲਿਵਰੀ ਨਹੀਂ ਕੀਤੀ ਜਾਵੇਗੀ।