ਨਵੀਂ ਦਿੱਲੀ, 6 ਜੂਨ 2021 – ਤਿੰਨ ਦੇਸ਼ਾਂ ਦੇ ਅੱਠ ਪੁਲਿਸ ਅਫਸਰਾਂ ਨੇ ਪਾਣੀ ਵਿਚ ਡੁੱਬ ਰਹੇ ਭਾਰਤੀ ਫੌਜ ਦੇ ਕਰਨਲ ਰੈਂਕ ਦੇ ਅਧਿਕਾਰੀ ਦੇ ਪਰਿਵਾਰ ਨੂੰ ਬਚਾਉਣ ਲਈ ਆਪਣੀ ਜਾਨ ਜ਼ੋਖਮ ਵਿਚ ਪਾ ਦਿੱਤੀ। ਉਨ੍ਹਾਂ ਵਿਚੋਂ, ਮਾਲਦੀਵ ਦੇ ਪੁਲਿਸ ਅਧਿਕਾਰੀ ਮੁਹੰਮਦ ਨਾਜ਼ਿਮ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਹ ਘੱਟ ਹੈ।
ਇਨ੍ਹਾਂ 8 ਅਫਸਰਾਂ ਵਿਚ ਭਾਰਤੀ ਪੁਲਿਸ ਸੇਵਾ ਦੇ ਪੰਜ, ਮਾਲਦੀਵ ਪੁਲਿਸ ਫੋਰਸ ਦੇ ਦੋ ਅਤੇ ਭੂਟਾਨ ਪੁਲਿਸ ਦਾ ਇਕ ਅਧਿਕਾਰੀ ਸ਼ਾਮਲ ਹੈ। ਇਹ ਸਾਰੇ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਸਰਦਾਰ ਵੱਲਭ-ਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ (ਐਸ ਵੀ ਪੀ ਐਨ ਪੀ ਏ) ਵਿਖੇ ਸਿਖਲਾਈ ਲੈ ਰਹੇ ਹਨ।
ਦਰਅਸਲ, ਹੋਇਆ ਇਹ ਕਿ ਸਿਖਲਾਈ ਪ੍ਰਾਪਤ ਪੁਲਿਸ ਅਧਿਕਾਰੀਆਂ ਨੂੰ ਅਕੈਡਮੀ ਵੱਲੋਂ ਭਾਰਤ ਦਰਸ਼ਨ ਤਹਿਤ ਲਕਸ਼ਦੀਪ ਲੈ ਜਾਇਆ ਗਿਆ। ਆਈਪੀਐਸ ਅਭਿਨਵ ਧੀਮਾਨ, ਅਭਿਨੈ ਵਿਸ਼ਵਕਰਮਾ, ਭਰਤ ਸੋਨੀ, ਗੌਹਰ ਹਸਨ, ਸੁਵੇਂਧੁ ਪਾਤਰਾ, ਮਾਲਦੀਵ ਪੁਲਿਸ ਫੋਰਸ ਦੇ ਮੁਹੰਮਦ ਨਾਜ਼ਿਮ ਅਤੇ ਅਹਿਮਦ ਅਬਦੁੱਲ ਅਜ਼ੀਜ਼ ਅਤੇ ਭੂਟਾਨ ਪੁਲਿਸ ਦੇ ਟੇਸੀ ਲੇਹਨਡੂਪ ਲਕਸ਼ਦੀਪ ਦੇ ਬੰਗਾਰਾਮ ਟਾਪੂ ‘ਤੇ ਸਨ।
ਇਸ ਦੌਰਾਨ, ਭਾਰਤੀ ਸੈਨਾ ਦੇ ਕਰਨਲ ਦੇ ਰੈਂਕ ਦੇ ਇੱਕ ਅਧਿਕਾਰੀ ਦਾ ਪਰਿਵਾਰ ਵੀ ਲਕਸ਼ਦੀਪ ਦੇ ਬੰਗਾਰਾਮ ਆਈਲੈਂਡ ਤੇ ਛੁੱਟੀ ਲਈ ਆਇਆ ਹੋਇਆ ਸੀ। ਐਸ ਵੀ ਪੀ ਐਨ ਪੀ ਏ ਦੇ ਸਿਖਿਅਕ ਪੁਲਿਸ ਅਧਿਕਾਰੀ ਅਤੇ ਕਰਨਲ ਦਾ ਪਰਿਵਾਰ ਬੀਚ ‘ਤੇ ਟਹਿਲ ਰਿਹਾ ਸੀ। ਫਿਰ ਅਚਾਨਕ ਕਰਨਲ ਦੀ ਪਤਨੀ ਅਤੇ ਬੱਚੇ ਸਮੁੰਦਰ ਦੀਆਂ ਲਹਿਰਾਂ ਦੇ ਤੇਜ਼ ਬਹਾਅ ‘ਚ ਆ ਗਏ ਅਤੇ ਡੂੰਘੇ ਪਾਣੀ ਵਿੱਚ ਡੁੱਬਣ ਲੱਗੇ।
ਕਰਨਲ ਦੀ ਪਤਨੀ ਅਤੇ ਬੱਚਿਆਂ ਨੂੰ ਪਾਣੀ ਵਿੱਚ ਡੁੱਬਦੇ ਵੇਖਦਿਆਂ, ਭਾਰਤ, ਭੂਟਾਨ ਅਤੇ ਮਾਲਦੀਵ ਦੇ ਇਨ੍ਹਾਂ ਅੱਠ ਪੁਲਿਸ ਅਫਸਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰੋਂ ਪਾਣੀ ਵਿੱਚੋਂ ਬਾਹਰ ਕੱਢ ਲਿਆ। ਆਈ ਪੀ ਐਸ ਵਿਜੇ ਸਿੰਘ ਗੁਰਜਰ ਨੇ ਆਪਣੇ ਅਫਸਰਾਂ ਦੀ ਬਹਾਦਰੀ ਦਾ ਇਹ ਕਿੱਸਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਾਂਝਾ ਕੀਤਾ ਹੈ। ਆਈਪੀਐਸ ਗੁਰਜਰ ਖ਼ੁਦ ਵੀ ਇਸ ਸਮੇਂ ਦੌਰਾਨ ਭਾਰਤ ਦਰਸ਼ਨ ਤੇ ਸਨ, ਪਰ ਇਹ ਇਕ ਹੋਰ ਗਰੁੱਪ ‘ਚ ਸਨ।