ਚੰਡੀਗੜ੍ਹ, 8 ਜੂਨ 2021 – ਅੰਤਰਰਾਸ਼ਟਰੀ ਐਕਸਚੇਂਜ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਉੱਤਮ ਅਭਿਆਸਾਂ ਬਾਰੇ ਜਾਣਕਾਰੀ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਨੇ ਯੂ.ਐਸ.ਏ. ਦੀ ਵੇਨ ਸਟੇਟ ਯੂਨੀਵਰਸਿਟੀ ਨਾਲ ਸਮਝੌਤੇ (ਐਮ.ਓ.ਯੂ.) `ਤੇ ਹਸਤਾਖ਼ਰ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਇੱਕ ਪਾਥਵੇਅ ਪ੍ਰੋਗਰਾਮ ਹੈ, ਜਿਸ ਤਹਿਤ ਇੱਕ ਵਿਦਿਆਰਥੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਵਿੱਚ ਤਿੰਨ ਸਾਲਾਂ ਦੀ ਪੜ੍ਹਾਈ ਕਰਨ ਤੋਂ ਬਾਅਦ ਚੌਥੇ ਅਤੇ ਪੰਜਵੇਂ ਸਾਲ ਦੀ ਪੜ੍ਹਾਈ 3 ਪਲੱਸ 2 ਅਤੇ 3 ਪਲੱਸ 1 ਪ੍ਰੋਗਰਾਮਾਂ ਅਧੀਨ ਵੇਨ ਸਟੇਟ ਯੂਨੀਵਰਸਿਟੀ (ਡਬਲਿਊ.ਐਸ.ਯੂ.) ਵਿਖੇ ਪੂਰੀ ਕਰੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ 4 ਸਾਲਾਂ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਐਮ.ਆਰ.ਐਸ.ਪੀ.ਟੀ.ਯੂ. ਦੇ ਵਿਦਿਆਰਥੀ ਨੂੰ ਵੇਨ ਸਟੇਟ ਯੂਨੀਵਰਸਿਟੀ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ, ਬਠਿੰਡਾ ਦੋਹਾਂ ਤੋਂ ਬੀ.ਟੈੱਕ ਦੀ ਡਿਗਰੀ ਮਿਲੇਗੀ। ਇਸ ਤੋਂ ਇਲਾਵਾ 5 ਸਾਲ ਦੇ ਪ੍ਰੋਗਰਾਮ ਤਹਿਤ ਬੀ.ਟੈਕ. ਅਤੇ ਮਾਸਟਰਜ਼, ਦੋਵੇਂ ਡਿਗਰੀਆਂ ਵੇਨ ਸਟੇਟ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਣਗੀਆਂ।