- ਵਿਭਾਗ ਦੀ ਮੈਨੇਜਮੈਂਟ ਵੱਲੋਂ ਟਾਲ ਮਟੋਲ ਦੀ ਨੀਤੀ ਲਗਾਤਾਰ ਜਾਰੀ
- 14 ਜੂਨ ਨੂੰ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ਾਂ ਦਾ ਐਲਾਨ ਕਰਨ ਲਈ ਰੂਪ ਰੇਖਾ ਤਿਆਰ ਕੀਤੀ ਜਾਵੇਗੀ – ਵਰਿੰਦਰ ਮੋਮੀ
ਚੰਡੀਗੜ੍ਹ 10 ਜੂਨ 2021 – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਲੋਂ 29 ਮਈ 2021 ਨੂੰ ਕੀਤੇ ਗਏ ਸੰਘਰਸ਼ ਦੀ ਬਦੌਲਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੀ ਮੰਤਰੀ ਰਜੀਆ ਸੁਲਤਾਨਾ ਨਾਲ ਅੱਜ ਮਿਤੀ 10/6/2021 ਨੂੰ ਮੀਟਿੰਗ ਕਰਵਾਉਣ ਦਾ ਪੱਤਰ ਜਾਰੀ ਕੀਤਾ ਗਿਆ ਸੀ, ਜਦਕਿ ਇਸਦੇ ਪਹਿਲਾਂ ਮਿਤੀ 8/6/2021 ਨੂੰ ਵੀ ਮੀਟਿੰਗ ਕਰਨ ਦਾ ਸਮਾ ਦਿੱਤਾ ਗਿਆ ਸੀ ਪ੍ਰੰਤੂ ਉਕਤ ਜੱਥੇਬੰਦੀ ਦੇ ਸੂਬਾਈ ਆਗੂ ਚੰਡੀਗੜ੍ਹ ਵਿਖੇ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਪਰ ਇਸ ਮੀਟਿੰਗ ਵਿਚ ਮੰਤਰੀ ਰਜੀਆ ਸੁਲਤਾਨਾ ਨਹੀਂ ਆਏ ਅਤੇ ਨਾ ਹੀ ਵਿਭਾਗ ਦੀ ਸੈਕਟਰੀ ਇਸ ਮੀਟਿੰਗ ’ਚ ਹਾਜਰ ਹੋਏ।
ਇਸ ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਮੀਤ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ, ਕੁਲਵਿੰਦਰ ਸਿੰਘ ਮੋਹਾਲੀ ਹਾਜਰ ਹੋਏ, ਜਦਕਿ ਮੈਨੇਜਮੈਂਟ ਵੱਲੋਂ ਜਲ ਸਪਲਾਈ ਮੰਤਰੀ ਦੇ ਓ.ਐਸ.ਡੀ. ਦਲਜੀਤ ਸਿੰਘ, ਐਚ.ਓ.ਪੀ. ਅਮਿਤ ਤਲਵਾੜ, ਡਾਇਰੈਕਟਰ ਫਨਾਂਸ ਸਿਮਰਨਜੀਤ ਕੌਰ, ਡਿਪਟੀ ਡਾਇਰੈਕਟਰ (ਪ੍ਰਸਾਸਨ) ਅੰਕੁਰ ਮਹਿੰਦਰੂ ਸਾਮਲ ਸਨ।
ਅੱਜ ਇਥੇ ਇਸ ਬਾਰੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਵਿਭਾਗ ਦੇ ਮੰਤਰੀ ਰਜੀਆ ਸੁਲਤਾਨਾ ਪਹਿਲਾਂ ਵੀ ਮੀਟਿੰਗਾਂ ਕਰਨ ਦਾ ਸਮੇਂ ਦੇ ਕੇ ਇਨ੍ਹਾਂ ਮੀਟਿੰਗਾਂ ਵਿਚ ਨਹੀਂ ਸ਼ਾਮਿਲ ਹੋਏ ਹਨ ਅਤੇ ਇਸੇ ਤਰ੍ਹਾਂ ਬੀਤੇ ਦਿਨ ਜੱਥੇਬੰਦੀ ਵਲੋਂ ਦਿੱਤੇ ਗਏ 24 ਘੰਟਿਆ ਦੇ ਧਰਨੇ ਦੇ ਦੌਰਾਨ ਮੰਤਰੀ ਰਜੀਆ ਸੁਲਤਾਨਾ ਵਲੋਂ ਮੀਟਿੰਗ ਕਰਨ ਦਾ ਸਮਾਂ 10-06-2021 ਦਿੱਤਾ ਗਿਆ ਸੀ, ਪਰ ਅੱਜ ਵੀ ਮੰਤਰੀ ਰਜੀਆ ਸੁਲਤਾਨਾ ਨਹੀਂ ਆਏ ਹਨ ਅਤੇ ਜਲ ਸਪਲਾਈ ਵਿਭਾਗ ਵਿਚ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਦੇ ਰਹੇ ਇਨਲਿਸਟਡ ਵਰਕਰਾਂ ਨੂੰ ਵਿਭਾਗ ਵਿਚ ਸ਼ਾਮਿਲ ਕਰਕੇ ਰੈਗੂਲਰ ਕਰਨ ਦੀ ਬਜਾਏ ਇਨ੍ਹਾਂ ਠੇਕਾ ਵਰਕਰਾਂ ਦੇ ਵਿਰੋਧ ਵਿਚ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਵੀ ਜਲ ਸਪਲਾਈ ਵਿਭਾਗ ਵਲੋਂ ਠੇਕਾ ਵਰਕਰਾਂ ਨੂੰ ਵਿਭਾਗ ਵਿਚ ਸ਼ਾਮਿਲ ਕਰਨ ਦੀ ਥਾਂ ਕੰਪਨੀ ਵਿਚ ਸਾਮਲ ਹੋਣ ਦੀ ਤਜਵੀਜ ਦਿੱਤੀ ਗਈ ਪਰ ਜਥੇਬੰਦੀ ਵੱਲੋ 2018 ਵਿਚ ਵਰਕਰਾਂ ਨੂੰ ਵਿਭਾਗ ਵਿੱਚ ਸਾਮਲ ਕਰਨ ਵਾਲੀ ਪ੍ਰਪੋਜਲ ਨੂੰ ਲਾਗੂ ਕਰਨ ਲਈ ਦੀ ਮੰਗ ਕੀਤੀ ਗਈ, ਜਿਸ ਤੇ ਵਿਭਾਗ ਵੱਲੋਂ ਉਸ ਨੂੰ ਲਾਗੂ ਕਰਨ ਤੋ ਟਾਲਮਟੋਲ ਦੀ ਨੀਤੀ ਆਪਣੀ ਗਈ। ਸੂਬਾ ਆਗੂਆਂ ਨੇ ਕਿਹਾ ਕਿ ਉਕਤ ਜੱਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ 14 ਜੂਨ ਨੂੰ ਲੁਧਿਆਣਾ ਵਿਖੇ ਬੁਲਾਈ ਗਈ ਹੈ, ਜਿਸ ਵਿਚ ਜਥੇਬੰਦੀ ਵਲੋਂ ਅਗਲੇ ਸੰਘਰਸ਼ਾਂ ਦਾ ਐਲਾਨ ਕਰਨ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।