ਦਿੱਲੀ ਸਰਕਾਰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਬਾਰੇ ਪੰਜਾਬ ਤੋਂ ਸਿੱਖੇ: ਸਿੰਗਲਾ

  • ਕੇਜਰੀਵਾਲ ਨੇ ਸਿਆਸੀ ਲਾਹਾ ਖੱਟਣ ਲਈ ਦਿੱਲੀ ਮਾਡਲ ਸਕੂਲਾਂ ਦੀ ਇਸ਼ਤਿਹਾਰਬਾਜ਼ੀ `ਤੇ ਬਰਬਾਦ ਕੀਤੇ ਕਰੋੜਾਂ ਰੁਪਏ: ਕੈਬਨਿਟ ਮੰਤਰੀ ਸਿੰਗਲਾ

ਚੰਡੀਗੜ੍ਹ, 10 ਜੂਨ 2021 – ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਜਾਰੀ ਕੀਤੇ ਪਰਫਾਰਮੈਂਸ ਗਰੇਡਿੰਗ ਇੰਡੈਕਸ (ਪੀਜੀਆਈ) ਦੇ ਆਧਾਰ ’ਤੇ ਕੇਜਰੀਵਾਲ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਦਿੱਲੀ ਸਰਕਾਰ ਨੂੰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਲਈ ਪੰਜਾਬ ਤੋਂ ਸਿੱਖਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨਿਵੇਸ਼ ਕਰਨ ਦੀ ਬਜਾਏ ਟੈਕਸਦਾਤਾਵਾਂ ਦੇ ਪੈਸੇ ਇਸ਼ਤਿਹਾਰ ਮੁਹਿੰਮਾਂ ‘ਤੇ ਬਰਬਾਦ ਕੀਤੇ ਹਨ। ਕੈਬਨਿਟ ਮੰਤਰੀ ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਮੁੱਚੇ ਸਟਾਫ਼ ਨੂੰ ਸਕੂਲ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਮੋਹਰੀ ਸੂਬਾ ਬਣਨ ਲਈ ਵਧਾਈ ਦੇਣ ਵਾਸਤੇ ਵਰਚੁਅਲ ਪ੍ਰੋਗਰਾਮ ਵਿਖੇ ਸ਼ਿਰਕਤ ਕਰ ਰਹੇ ਸਨ।

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਦੇ ਨਿਰੰਤਰ ਸਮਰਥਨ ਅਤੇ ਦੂਰਦਰਸ਼ੀ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸਿੱਖਿਆ ਵਿਭਾਗ ਅਗਲੇ ਸਾਲ 100 ਫ਼ੀਸਦੀ ਅੰਕ ਪ੍ਰਾਪਤ ਕਰਨ ਲਈ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਲਿਆਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਚੋਟੀ ਦਾ ਅਹੁਦਾ ਬਰਕਰਾਰ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਖੇਤਰ ਵਿੱਚ ਸ਼ਤ ਪ੍ਰਤੀਸ਼ਤ ਅੰਕ (150/150) ਪ੍ਰਾਪਤ ਕੀਤੇ ਜਿਸ ਵਿੱਚ ਕਲਾਸਰੂਮ, ਲੈਬਾਂ, ਪਖਾਨੇ, ਪੀਣ ਵਾਲੇ ਪਾਣੀ ਅਤੇ ਲਾਇਬ੍ਰੇਰੀਆਂ ਦੀ ਉਪਲਬਧਤਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਨੇ ਇਕਵਿਟੀ (228/230) ਅਤੇ ਐਕਸੈਸ (79/80) ਡੋਮੇਨ ਵਿਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਜਿਸ ਵਿਚ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਨਾ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਉਪਕਰਣ, ਦਾਖਲਾ ਅਨੁਪਾਤ, ਸਕੂਲ ਵਿੱਚ ਬਣੇ ਰਹਿਣ ਦੀ ਦਰ, ਸੰਚਾਰ ਦਰ ਅਤੇ ਸਕੂਲਾਂ ਦੀ ਉਪਲਬਧਤਾ ਸ਼ਾਮਲ ਸਨ।

ਸ੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਰੋਤਾਂ ਦੀ ਸਰਬੋਤਮ ਵਰਤੋਂ ਨੂੰ ਵੀ ਯਕੀਨੀ ਬਣਾਇਆ ਹੈ ਕਿਉਂਕਿ ਸਿੱਖਿਆ ਵਿਭਾਗ ਨੇ 100 ਫ਼ੀਸਦੀ ਫੰਡਾਂ ਦੀ ਵਰਤੋਂ ਉਲਟੀ ਬੋਲੀ ਪ੍ਰਕਿਰਿਆ ਵਾਲੇ ਜੈੱਮ ਪੋਰਟਲ ਰਾਹੀਂ ਸਭ ਤੋਂ ਪਾਰਦਰਸ਼ੀ ਢੰਗ ਨਾਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਫੰਡਾਂ ਦੀ ਸਮੇਂ ਸਿਰ ਅਤੇ ਸਹੀ ਵਰਤੋਂ ਨੇ ਵਿਭਾਗ ਨੂੰ ਅਗਲੀਆਂ ਕਿਸ਼ਤਾਂ ਨੂੰ ਸਮੇਂ ਸਿਰ ਪ੍ਰਾਪਤ ਕਰਨ ਯੋਗ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਨਵੀਆਂ ਪਹਿਲਕਦਮੀਆਂ ਅਤੇ ਸੁਧਾਰ ਵੀ ਸਕੂਲ ਸਿੱਖਿਆ ਵਿੱਚ ਮਹੱਤਵਪੂਰਨ ਬਦਲਾਅ ਲਿਆਉਣ ਵਿੱਚ ਸਹਾਈ ਹੋਏ ਹਨ। ਉਨ੍ਹਾਂ ਕਿਹਾ ਕਿ ਸਮਾਰਟ ਸਕੂਲ ਨੀਤੀ, ਆਨਲਾਈਨ ਤਬਾਦਲਾ ਨੀਤੀ, ਵਿਦਿਆਰਥੀਆਂ ਨੂੰ ਮੁਫ਼ਤ ਸਮਾਰਟਫੋਨਾਂ ਦੀ ਵੰਡ, ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸਕੂਲਾਂ ਵਿਚ ਸ਼ੁਰੂਆਤ ਅਤੇ ਮਹਾਂਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਆਨਲਾਈਨ ਕਲਾਸਾਂ ਜ਼ਰੀਏ ਸਿੱਖਿਆ ਦੇ ਮਿਆਰੀ ਪੱਧਰ ਨੂੰ ਕਾਇਮ ਰੱਖਣਾ, ਮੁੱਖ ਕਾਰਕ ਸਨ ਜੋ ਸੂਬੇ ਨੂੰ ਬਿਹਤਰ ਪਰਫਾਰਮੈਂਸ ਗਰੇਡਿੰਗ ਇੰਡੈਕਸ ਹਾਸਲ ਕਰਨ ਵਿਚ ਸਹਾਈ ਸਿੱਧ ਹੋਏ।

ਕੈਬਨਿਟ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਿਰਫ਼ ਪਰਫਾਰਮੈਂਸ ਗਰੇਡਿੰਗ ਇੰਡੈਕਸ ਹੀ ਨਹੀਂ ਸਗੋਂ ਹੋਰਨਾਂ ਮਾਪਦੰਡਾਂ ਵਿਚ ਵੀ ਸਕੂਲ ਸਿੱਖਿਆ ਦੇ ਖੇਤਰ ਵਿਚ ਅਥਾਹ ਸੁਧਾਰ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਪਿਛਲੇ ਚਾਰ ਸਾਲਾਂ ਦੌਰਾਨ ਦਾਖਲਿਆਂ ਵਿਚ 29 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ ਅਤੇ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਪਛਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਹਰ ਪਹਿਲੂ ਵਿਚ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ ਹੋਰਨਾਂ ਸੂਬਿਆਂ ਲਈ ਮਿਸਾਲ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਨੇ ਸਿੱਖਿਆ ਵਿਭਾਗ ਨੂੰ ਸਰਕਾਰੀ ਸਕੂਲਾਂ ਵਿੱਚ ਵਿਦੇਸ਼ੀ ਭਾਸ਼ਾਵਾਂ ਪੜ੍ਹਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ

ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਬਕਾਇਆ ਰਾਸ਼ੀ ਦੀ ਕੀਤੀ ਮੰਗ