ਨਵੀਂ ਦਿੱਲੀ, 11 ਜੂਨ 2021 – ਸਰਕਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਟੀਕਿਆਂ ਦੀ ਸਭ ਤੋਂ ਬਰਬਾਦੀ ‘ਚ ਛੱਤੀਸਗੜ੍ਹ ਸਭ ਤੋਂ ਅੱਗੇ ਹੈ। ਜਿਥੇ 15.79 ਫੀਸਦੀ ਟੀਕਿਆਂ ਦੀ ਬਰਬਾਦੀ ਹੋਈ। ਉਸ ਤੋਂ ਬਾਅਦ ਨੰਬਰ ਮੱਧ ਪ੍ਰਦੇਸ਼ ਅਤੇ ਪੰਜਾਬ ਦਾ ਆਉਂਦਾ ਹੈ ਜਿਥੇ ਕ੍ਰਮਵਾਰ 7.35 ਅਤੇ 7.08 ਫੀਸਦੀ ਟੀਕਿਆਂ ਦੀ ਬਰਬਾਦੀ ਹੋਈ। ਇਸ ਤੋਂ ਬਿਨਾ ਦਿੱਲੀ ‘ਚ 3.95, ਰਾਜਸਥਾਨ ‘ਚ 3.91, ਉੱਤਰ ਪ੍ਰਦੇਸ਼ ‘ਚ 3.78, ਗੁਜਰਾਤ ‘ਚ 3.63 ਅਤੇ ਮਹਾਰਾਸ਼ਟਰ ‘ਚ 3.59 ਫੀਸਦੀ ਟੀਕਿਆਂ ਦੀ ਬਰਬਾਦੀ ਹੋਈ।
ਉਥੇ ਹੀ ਕੇਰਲ ਅਤੇ ਪੱਛਮੀ ਬੰਗਾਲ ‘ਚ ਮਈ ਮਹੀਨੇ ‘ਚ ਕੋਵਿਡ-19 ਰੋਕੂ ਟੀਕਿਆਂ ਦੀ ਬਿਲਕੁੱਲ ਬਰਬਾਦੀ ਨਹੀਂ ਹੋਈ ਅਤੇ ਦੋਹਾਂ ਸੂਬਿਆਂ ‘ਚ ਟੀਕਿਆਂ ਦੀਆਂ 1.10 ਲੱਖ ਅਤੇ 1.61 ਲੱਖ ਖੁਰਾਕਾਂ ਬਚਾਈਆਂ ਗਈਆਂ।
ਸਰਕਾਰੀ ਅੰਕੜਿਆਂ ਮੁਤਾਬਕ ਮਈ ਮਹੀਨੇ ਵਿਚ ਰਾਜਾਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ 790.6 ਲੱਖ ਟੀਕਿਆਂ ਦੀ ਸਪਲਾਈ ਕੀਤੀ ਗਈ, ਜਿਨ੍ਹਾਂ ਵਿਚੋਂ 610.6 ਲੱਖ ਟੀਕਾਕਰਨ ’ਚ ਕੰਮ ਆਏ। ਇਸੇ ਤਰ੍ਹਾਂ 658.6 ਲੱਖ ਖੁਰਾਕਾਂ ਦੀ ਵਰਤੋਂ ਹੋਈ, ਜਦੋਂਕਿ 212.7 ਲੱਖ ਖੁਰਾਕਾਂ ਬਚੀਆਂ।

