ਆਪ ਦਾ ਸਕੂਲਾਂ ਵਾਲਾ ਫੋਕਾ ਮਾਡਲ ਹੋਇਆ ਬੇਨਕਾਬ, ਸਿਸੋਦੀਆ ਦੇ ਬਿਆਨਾਂ ’ਚੋਂ ਝਲਕ ਰਹੀ ਹੈ ਪਿਛੜ ਜਾਣ ਦੀ ਨਮੋਸ਼ੀ: ਸਿੰਗਲਾ

ਚੰਡੀਗੜ੍ਹ/ ਸੰਗਰੂਰ , 12 ਜੂਨ 2021 – ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਸਕੂਲ ਮਾਡਲ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਪੰਜਾਬ ਦੇ ਅੱਵਲ ਆਉਣ ਨਾਲ ਬੇਨਕਾਬ ਹੋ ਗਈ ਹੈ ਅਤੇ ਹੁਣ ਮਨੀਸ਼ ਸਿਸੋਦੀਆ ਦੀ ਬੇਚੈਨੀ ਸਪਸ਼ਟ ਨਜ਼ਰ ਆ ਰਹੀ ਹੈ।

ਸਿੱਖਿਆ ਮੰਤਰੀ ਸ੍ਰੀ ਸਿੰਗਲਾ ਨੇ ਝੂਠੇ ਦੋਸ਼ਾਂ ਦੇ ਅਧਾਰ ‘ਤੇ ਆਪਣੀ ਤਰਕਹੀਣ ਬਿਆਨਬਾਜ਼ੀ ਰਾਹੀਂ ਇਸ ਮੁੱਦੇ ਦਾ ਸਿਆਸੀਕਰਨ ਕਰਨ ਦੀ ਬੇਤੁੱਕੀ ਕੋਸ਼ਿਸ਼ ‘ਤੇ ਸਿਸੋਦੀਆ ਦੀ ਨਿੰਦਾ ਕਰਦਿਆਂ ਕਿਹਾ ਕਿ ਹਾਲਾਂਕਿ ਪੰਜਾਬ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਸਕੂਲਾਂ ਦੇ ਕਾਰਗੁਜਾਰੀ ਗ੍ਰੇਡਿੰਗ ਸੂਚਕਾਂਕ ਵਿੱਚ ਚੋਟੀ ਦਾ ਦਰਜਾ ਮਿਲਿਆ ਹੈ, ਪਰ ਦਿੱਲੀ ਨੂੰ ਸਿਖਰਲੇ ਪੰਜ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਹ ਦਰਜਾ ਹਾਸਲ ਨਹੀਂ ਹੋਇਆ। ਇਸ ਨੂੰ ਛੇਵੇਂ ਸਥਾਨ ’ਤੇ ਰੱਖਿਆ ਗਿਆ ਹੈ।

ਸਿੰਗਲਾ ਨੇ ਕਿਹਾ ਕਿ ਜਦੋਂ ਪੰਜਾਬ ਨੇ ਮੈਰਿਟ ਦੇ ਆਧਾਰ ’ਤੇ ਇਹ ਦਰਜਾ ਹਾਸਲ ਕੀਤਾ ਹੈ, ਦਿੱਲੀ ਦੇ ਸਿੱਖਿਆ ਮੰਤਰੀ ਪੰਜਾਬ ਵਿਚ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸਿਆਹੀ ਲਾਹਾ ਲੈਣ ਲਈ ਝੂਠ ਬੋਲ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਸਾਡੇ ਲਈ ਸਿੱਖਿਆ ਵਿਚ ਸੁਧਾਰ ਇਕ ਤਰਜ਼ੀਹੀ ਮੁੱਦਾ ਹੈ ਅਤੇ ਅਸੀਂ ਕਦੇ ਵੀ ਇਸ ਨੂੰ ਚੋਣ ਲੜਾਈ ਦੇ ਸਾਧਨ ਵਜੋਂ ਵਰਤਣ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਕਿ ਆਪ ਸਰਕਾਰ ਵੱਲੋਂ ਕੀਤਾ ਜਾਂਦਾ ਰਿਹਾ ਹੈ। ਸਿੱਖਿਆ ਮੰਤਰੀ ਨੇ ਆਪ ਸਰਕਾਰ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਤਾਂ ਜੋ ਉਹ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਕਰਨ ਲਈ ਕਾਂਗਰਸ ਸਰਕਾਰ ਤੋਂ ਸਿੱਖ ਸਕਣ।

ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਆਪਕਾਂ ਅਤੇ ਹੋਰ ਸਟਾਫ ਨੇ ਵੀ ਸੂਬੇ ਨੂੰ ਸਿਖਰਲੇ ਅਹੁਦੇ ’ਤੇ ਲਿਆਉਣ ਲਈ ਸਖ਼ਤ ਮਿਹਨਤ ਕੀਤੀ ਹੈ। ਉਨਾਂ ਅੱਗੇ ਕਿਹਾ ਕਿ ਇਸ ਨਾਲ ਸਰਕਾਰੀ ਸਕੂਲਾਂ ਵਿਚ ਲਗਭਗ 15 ਫ਼ੀਸਦੀ ਦਾਖਲੇ ਵਧਾਉਣ ਵਿਚ ਵੀ ਸਹਾਇਤਾ ਮਿਲੀ ਹੈ ਕਿਉਂਕਿ ਨਤੀਜਿਆਂ ਦੇ ਮਾਮਲੇ ਵਿਚ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਪਛਾੜ ਦਿੱਤਾ ਹੈ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ, ਗੁਣਾਤਮਕ ਸੁਧਾਰ ਲਿਆਉਣ ਅਤੇ ਸਰਕਾਰੀ ਸਕੂਲਾਂ ਵਿਚ ਆਰਟੀਈ ਦੇ ਨਿਯਮਾਂ ਦੀ ਪਾਲਣਾ ਕਰਨ ਵਿਚ ਮੋਹਰੀ ਬਣ ਕੇ ਸਕੂਲ ਸਿੱਖਿਆ ਨੂੰ ਸੁਰਜੀਤ ਕਰਨ ਵਿਚ ਪੰਜਾਬ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ।

ਪੀ.ਜੀ.ਆਈ. ਰੈਂਕ ਹਾਸਲ ਕਰਨ ਲਈ ਮੋਦੀ ਸਰਕਾਰ ਨਾਲ ਮਿਲੀਭੁਗਤ, 800 ਸਕੂਲ ਬੰਦ ਕਰਨ, ਸਿੱਖਿਆ ਦਾ ਨਿੱਜੀਕਰਨ ਕਰਨ ਬਾਰੇ ਝੂਠੇ ਬਿਆਨਾਂ ‘ਤੇ ਪ੍ਰਤੀਕਿਰਿਆ ਕਰਦਿਆਂ ਸਿੱਖਿਆ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਇਹ ਰੈਂਕਿੰਗ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਕੀਤੀ ਗਈ ਹੈ ਜੋ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਲਈ ਇਕੋ ਜਿਹੀ ਹੈ। ਲਗਾਤਾਰ ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਸਕੂਲਾਂ ਵਿੱਚ ਦਾਖਲਾ ਕਾਫੀ ਵੱਧ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਲੋਕਾਂ ਵੱਲੋਂ ਸਰਕਾਰੀ ਸਕੂਲਾਂ ਵਿਚ ਭਰੋਸਾ ਇਸ ਤੱਥ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਤਿੰਨ ਲੱਖ ਤੋਂ ਵੱਧ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਸੂਬੇ ਦੇ ਅਤਿ ਆਧੁਨਿਕ ਬੁਨਿਆਦੀ ਢਾਂਚੇ ਦਾ ਲਾਹਾ ਲੈਣ ਲਈ ਸਰਕਾਰੀ ਸਕੂਲਾਂ ਵਿਚ ਤਬਦੀਲ ਹੋ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਵੱਲੋਂ ਜੈਪਾਲ ਭੁੱਲਰ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ

ਸੂਬੇ ਵਿੱਚ ਝੁੱਗੀ ਝੌਂਪੜੀ ਵਾਲੇ 1996 ਪਰਿਵਾਰਾਂ ਨੂੰ ਮਾਲਕਾਨਾ ਹੱਕ ਮਿਲੇ