ਨਵੀਂ ਦਿੱਲੀ, 13 ਜੂਨ 2021 – ਮੈਕਸੀਕੋ ਸਿਟੀ ਦੇ ਬਾਹਰੀ ਇਲਾਕੇ ਵਿਚ ਇਕ ਬਜ਼ੁਰਗ ਸ਼ੱਕੀ ਹਤਿਆਰੇ ਦੇ ਘਰ ਦੀ ਖੁਦਾਈ ਦੌਰਾਨ ਜਾਂਚਕਰਤਾਵਾਂ ਨੂੰ ਹੁਣ ਤੱਕ ਹੱਡੀਆਂ ਦੇ 3 ਹਜ਼ਾਰ 787 ਟੁਕੜੇ ਮਿਲੇ ਹਨ ਅਤੇ ਇਹ ਹੱਡੀਆਂ 17 ਵੱਖ ਵੱਖ ਲੋਕਾਂ ਦੀਆਂ ਪ੍ਰਤੀਤ ਹੋ ਰਹੀਆਂ ਹਨ। ਇਹ ਖੁਦਾਈ ਅਜੇ ਵੀ ਰੁਕੀ ਨਹੀਂ ਸਗੋਂ ਜਾਰੀ ਹੈ। ਖੁਦਾਈ ਦਾ ਕੰਮ 17 ਮਈ ਤੋਂ ਚੱਲ ਰਿਹਾ ਹੈ ਅਤੇ ਜਾਂਚਕਰਤਾਵਾਂ ਨੇ ਉਸ ਘਰ ਦੇ ਫਰਸ਼ ਦੀ ਚੰਗੀ ਤਰ੍ਹਾਂ ਖੁਦਾਈ ਕੀਤੀ ਹੈ ਜਿੱਥੇ ਸ਼ੱਕੀ ਰਹਿੰਦਾ ਸੀ। ਸ਼ੱਕੀ ਬਜ਼ੁਰਗ ਖ਼ਿਲਾਫ਼ 34 ਸਾਲਾ ਮਹਿਲਾ ਦੀ ਹੱਤਿਆ ਦਾ ਮਾਮਲਾ ਚੱਲ ਰਿਹਾ ਹੈ। ਜਿਸ ਦੀ ਜਾਂਚ ਦੌਰਾਨ ਹੀ ਇਹ ਤੱਥ ਸਾਹਮਣੇ ਆਏ ਹਨ।
ਕਬਾੜ ਨਾਲ ਭਰੇ ਇਸ ਘਰ ਵਿਚੋਂ ਅਜਿਹੇ ਲੋਕਾਂ ਦੇ ਪਹਿਚਾਣ ਪੱਤਰ ਜਾਂ ਹੋਰ ਸਾਮਾਨ ਮਿਲਿਆ ਹੈ, ਜੋ ਕਈ ਸਾਲ ਪਹਿਲਾ ਅਚਾਨਕ ਲਾਪਤਾ ਹੋ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਹੱਤਿਆਵਾਂ ਕਰ ਦਿੱਤੀਆਂ ਗਈਆਂ ਸਨ। ਇਸ ਮਾਮਲੇ ‘ਚ 72 ਸਾਲਾ ਬਜ਼ੁਰਗ ਸ਼ੱਕ ਦੇ ਘੇਰੇ ਵਿਚ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।