- ਗੁਰੂ ਸਾਹਿਬ ਦੀ ਰਹਿਮਤ ਸਦਕਾ ਲੋਕ ਤੰਦਰੁਸਤ ਹੋ ਰਹੇ ਹਨ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ, 16 ਜੂਨ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਚਲਾਏ ਜਾ ਰਹੇ ਗੁਰੂ ਤੇਗ ਬਹਾਦਰ ਸਾਹਿਬ ਕੋਰੋਨਾ ਕੇਅਰ ਸੈਂਟਰ ਵਿਚੋਂ ਅੱਜ 65 ਇਜ਼ਰਾਈਲੀ ਵਿਅਕਤੀ ਤੰਦਰੁਸਤ ਹੋ ਕੇ ਆਪਣੇ ਘਰਾਂ ਨੁੰ ਪਰਤੇ।
ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹਨਾਂ 87 ਲੋਕਾਂ ਨੂੰ ਕਰੋਲ ਬਾਗ ਦੇ ਹੋਟਲ ਵਿਚੋਂ ਲਿਆਂਦਾ ਗਿਆ ਸੀ। ਅੱਜ ਇਹਨਾਂ ਲੋਕਾਂ ਵਿਚੋਂ 65 ਲੋਕ ਤੰਦਰੁਸਤ ਹੋਕੇ ਆਪਣੇ ਘਰਾਂ ਨੂੰ ਪਰਤ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਲੋਕਾਂ ਦੇ ਤੰਦਰੁਸਤ ਹੋਣ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਦੀ ਅਪਾਰ ਬਖਸ਼ਿਸ਼ ਹੈ। ਉਹਨਾਂ ਕਿਹਾ ਕਿ ਅਸੀਂ ਗੁਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਇਹ ਕੋਰੋਨਾ ਕੇਅਰ ਸੈਂਟਰ ਸ਼ੁਰੂ ਕੀਤਾ ਸੀ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਇਥੇ ਲੋਕ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਰਹੇ ਹਨ।
ਉਹਨਾਂ ਕਿਹਾ ਕਿ ਉਹ ਇਹੀ ਕਹਿਣਗੇ ਕਿ ਇਹ ਸਥਾਨ ਜਿਥੇ ਲੋਕਾਂ ਨੂੰ ਮੁੜ ਜ਼ਿੰਦਗੀ ਮਿਲੀ ਹੈ, ਉਸਨੁੰ ਹਮੇਸ਼ਾ ਯਾਦ ਕਰਦੇ ਰਹਿਣਾ ਚਾਹੀਦਾ ਹੈ ਤੇ ਹਮੇਸ਼ਾ ਉਸਦਾ ਧੰਨਵਾਦ ਕਰਨਾ ਚਾਹੀਦਾ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਉਹ ਸਰਨਾ ਜਾਂ ਕਿਸੇ ਹੋਰ ਦੀ ਨਾਂਹ ਪੱਖੀ ਰਾਜਨੀਤੀ ਬਾਰੇ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ। ਉਹਨਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੀ ਰਹਿਮਤ ਸਦਕਾ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ ਤੇ ਅਸੀਂ ਕਿਸੇ ਦੀ ਵੀ ਨਾਂਹ ਪੱਖੀ ਗੱਲ ‘ਤੇ ਕੋਈ ਪ੍ਰਤੀਕਰਮ ਨਹੀਂ ਦੇਣਾ ਚਾਹੁੰਦੇ।
ਇਸ ਦੌਰਾਨ ਸੈਂਟਰ ਦੇ ਚੇਅਰਮੈਨ ਭੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸੈਂਟਰ ਵਿਚ ਲੋਕਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਤੇ ਨਾ ਕਿਸੇ ਦਵਾਈ ਤੇ ਨਾ ਕੋਈ ਹੋਰ ਖਰਚ ਲਿਆ ਜਾ ਰਿਹਾ ਹੈ।