ਨਵੀਂ ਦਿੱਲੀ, 15 ਜੂਨ 2021 – ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਹਲਚਲ ਹੁਣ ਤੋਂ ਸ਼ੁਰੂ ਹੋ ਗਈ ਹੈ। ਭਾਜਪਾ ਦੇ ਚੋਟੀ ਦੇ ਲੀਡਰਾਂ ਨੇ ਮੰਗਲਵਾਰ ਨੂੰ ਇੱਕ ਬੈਠਕ ਕੀਤੀ। ਨਵੀਂ ਦਿੱਲੀ ‘ਚ ਸਥਿਤ ਬੀਜੇਪੀ ਦੇ ਹੈੱਡਕੁਆਰਟਰ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਨਾਲ ਪੰਜਾਬ ਭਾਜਪਾ ਇਕਾਈ ਦੀ ਅਹਿਮ ਬੈਠਕ ਹੋਈ।
ਇਸ ‘ਚ ਮੀਟਿੰਗ ਵਿੱਚ ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਨੇਤਾ ਸੁਭਾਸ਼ ਸ਼ਰਮਾ, ਜੀਵਨ ਗੁਪਤਾ, ਦਿਨੇਸ਼, ਸੋਨਮ ਸਿੰਘ ਹਾਜ਼ਰ ਸਨ। ਇਸ ਤੋਂ ਬਿਨਾ ਮੀਟਿੰਗ ‘ਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੀ ਮੌਜੂਦ ਸਨ। ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ ‘ਚ ਪੰਜਾਬ ‘ਚ ਹੋਣ ਵਾਲਿਆਂ 2022 ਦੀਆਂ ਚੋਣਾਂ, ਕਿਸਾਨੀ ਮਸਲਿਆਂ, ਦਲਿਤ ਮਸਲਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ। ਲੀਡਰਾਂ ਨੇ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ।
ਮੀਟਿੰਗ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕੇ ਇਹ ਕੇਂਦਰੀ ਮੰਤਰੀਆਂ ਦੇ ਨਾਲ ਸਿਰਫ ਜਨਰਲ ਮੀਟਿੰਗ ਸੀ ਜੋ ਵੱਖ ਵੱਖ ਸੂਬਿਆਂ ਨਾਲ ਕੀਤੀ ਜਾਂਦੀ ਹੈ। ਇਸ ਵਾਰ ਪੰਜਾਬ ਦੀ ਵਾਰੀ ਸੀ ਅਤੇ ਇਹ ਮੀਟਿੰਗ ਕਿਸੇ ਖਾਸ ਵਿਸ਼ੇ ਨੂੰ ਲੈ ਕੇ ਨਹੀਂ ਸੱਦੀ ਗਈ ਸੀ। ਇਸ ਮੀਟਿੰਗ ‘ਚ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਹੋਈ ਹੈ।