- 5 ਅਧਿਕਾਰੀ ਹੋਏ ਬਰਖਾਸਤ
ਕੈਲੀਫੋਰਨੀਆ, 17 ਜੂਨ 2021 – ਅਮਰੀਕਾ ਦੀ ਜਾਰਜੀਆ ਸਟੇਟ ਵਿੱਚ ਸਵਾਨਾ ਸ਼ਹਿਰ ਦੀ ਪੁਲਿਸ ਹਿਰਾਸਤ ਵਿੱਚ ਇੱਕ 60 ਸਾਲਾਂ ਵਿਅਕਤੀ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਵਿਲੀਅਮ ਹਾਰਵੇ ਵਜੋਂ ਹੋਈ ਹੈ। ਇਸ ਮਾਮਲੇ ‘ਚ ਬਾਅਦ ‘ਚ ਕਾਰਵਾਈ ਕਰਦੇ ਹੋਏ 5 ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ।
ਪੁਲਿਸ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਰਜੀਆ ਦੇ ਪੰਜ ਅਫਸਰਾਂ ਨੂੰ 60 ਸਾਲਾ ਬਜ਼ੁਰਗ ਵਿਅਕਤੀ ਦੀ ਪੁਲਿਸ ਦੇ ਇੰਟਰਵਿਊ ਰੂਮ ਵਿੱਚ ਇਕੱਲੇ ਹੁੰਦਿਆਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਸਾਵਨਾ ਪੁਲਿਸ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਵਿਲੀਅਮ ਹਾਰਵੇ ਨੂੰ 3 ਅਪ੍ਰੈਲ ਨੂੰ ਕਿਸੇ ਹਮਲੇ ਦੇ ਦੋਸ਼ ਵਿੱਚ ਸਵਾਨਾ ਪੁਲਿਸ ਹੈੱਡਕੁਆਰਟਰ ਲਿਜਾਇਆ ਗਿਆ ਸੀ। ਜਾਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ (ਜੀ ਬੀ ਆਈ) ਦੇ ਅਨੁਸਾਰ ਅਧਿਕਾਰੀ ਜਾਂਚ ਦੌਰਾਨ ਇੰਟਰਵਿਊ ਰੂਮ ਤੋਂ ਬਾਹਰ ਗਏ ਅਤੇ ਬਾਅਦ ਵਿੱਚ ਜਦ ਵਾਪਸ ਆਏ ਤਾਂ ਹਾਰਵੇ ਨੂੰ ਬੇਹੋਸ਼ ਪਾਇਆ ਗਿਆ। ਉਸਦੀ ਗਰਦਨ ‘ਤੇ ਬੂਟਾਂ ਦੇ ਫੀਤਿਆਂ ਦੇ ਨਿਸ਼ਾਨ ਸਨ। ਜੀ ਬੀ ਆਈ ਨੇ ਹਾਰਵੇ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦਿੱਤਾ ਸੀ। ਸਵਾਨਾ ਪੁਲਿਸ ਅਨੁਸਾਰ ਹਾਰਵੇ ਦੇ ਕਮਰੇ ਵਿੱਚ ਇਕੱਲੇ ਹੋਣ ਵੇਲੇ ਦੀ ਕੋਈ ਵੀਡੀਓ ਫੁਟੇਜ ਨਹੀਂ ਹੈ।