ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਦੇ ਰਹੀ 17 ਕਿਸਮਾਂ ਦੇ ਵਜ਼ੀਫੇ

ਚੰਡੀਗੜ੍ਹ, 18 ਜੂਨ 2021 – ਵਿਦਿਆਰਥੀਆਂ ਦੀ ਪੜ੍ਹਾਈ ਨੂੰ ਯਕੀਨੀ ਬਨਾਉਣ ਅਤੇ ਉਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਵੱਲੋਂ ਇਸ ਸਮੇਂ 17 ਕਿਸਮ ਦੇ ਵਜ਼ੀਫ਼ੇ ਦਿੱਤੇ ਜਾ ਰਹੇ ਹਨ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਨੁਸੂਚਿਤ ਜਾਤਾਂ ਲਈ ਪ੍ਰੀ-ਮੈਟ੍ਰਰਿਕ ਸਕਾਲਰਸ਼ਿਪ ਸਕੀਮ ਹੇਠ 9ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਨੂੰ ਸਲਾਨਾ 3000 ਰੁਪਏ ਪ੍ਰਤੀ ਵਿਦਿਆਰਥੀ ਵਜ਼ੀਫਾ ਦਿੱਤਾ ਜਾਂਦਾ ਹੈ। ਇਹ ਵਜ਼ੀਫ਼ਾ ਉਨਾਂ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜਿਨਾਂ ਦੇ ਮਾਪਿਆਂ ਦੀ ਆਮਦਨ 2.50 ਲੱਖ ਰੁਪਏ ਤੋਂ ਘੱਟ ਹੋਵੇ। ਇਸੇ ਤਰਾਂ ਹੀ ਹੋਰ ਪਛੜੀਆਂ ਸ਼੍ਰੇਣੀਆਂ ਦੇ ਪਹਿਲੀ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਪ੍ਰੀ-ਮੈਟ੍ਰਰਿਕ ਸਕਾਲਰਸ਼ਿਪ ਸਕੀਮ ਹੇਠ 1500 ਰੁਪਏ ਸਲਾਨਾ ਵਜ਼ੀਫਾ ਦਿੱਤਾ ਜਾਂਦਾ ਹੈ। ਇਸ ਵਿੱਚ ਵੀ ਮਾਪਿਆਂ ਦੀ ਸਲਾਨਾ ਆਮਦਨ ਦੀ ਸੀਮਾ 2.50 ਲੱਖ ਰੁਪਏ ਰੱਖੀ ਗਈ ਹੈ।

ਡਾ. ਹਰਗੋਬਿੰਦ ਖੁਰਾਣਾ ਵਜ਼ੀਫਾ ਸਕੀਮ ਦੇ ਹੇਠ ਦਸਵੀਂ ਵਿੱਚੋਂ 90 ਫੀਸਦੀ ਜਾਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਦੋ ਸਾਲ ਲਈ 3000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਂਦਾ ਹੈ। ਇਹ ਵਜ਼ੀਫ਼ਾ ਸਕੀਮ ਸਿਰਫ਼ ਸਰਕਾਰੀ ਅਤੇ ਅਦਰਸ਼ ਸਕੂਲਾਂ ਦੇ ਯੋਗ ਵਿਦਿਆਰਥੀਆਂ ਲਈ ਹੈ। ਇਸੇ ਤਰਾਂ ਜਨਰਲ ਸਕਲਾਰਸ਼ਿਪ ਸਕੀਮ ਹੇਠ ਬਲਾਕ ਪੱਧਰ ’ਤੇ ਪੰਜਵੀਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ’ਤੇ ਆਉਣ ਵਾਲੇ ਤਿੰਨ ਵਿਦਿਆਰਥੀਆਂ ਅਤੇ ਤਿੰਨ ਵਿਦਿਆਰਥਣਾਂ ਨੂੰ ਇੱਕ ਵਾਰ 1000-1000 ਰੁਪਏ ਦਿੱਤੇ ਜਾਂਦੇ ਹਨ। ਬਲਾਕ ਪੱਧਰ ’ਤੇ ਅੱਠਵੀਂ ਜਮਾਤ ਵਿੱਚੋਂ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਤਿੰਨ-ਤਿੰਨ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਇੱਕ ਵਾਰੀ 1500-1500 ਰੁਪਏ ਵਜ਼ੀਫਾ ਦਿੱਤਾ ਜਾਂਦਾ ਹੈ।

‘ਅਨਕਲੀਨ ਓਕੂਪੇਸ਼ਨ ਸਕਾਲਰਸ਼ਿਪ ਸਕੀਮ’ ਹੇਠ ਪਹਿਲੀ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਲਾਨਾ 1850 ਰੁਪਏ ਵਜ਼ੀਫਾ ਦਿੱਤਾ ਜਾਂਦਾ ਹੈ। ਇਸ ਵਿੱਚ ਆਮਦਨ ਦੀ ਕੋਈ ਸੀਮਾ ਨਹੀਂ ਹੈ ਅਤੇ ਇਹ ਵਜ਼ੀਫਾ ਉਨਾਂ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜਿਨਾਂ ਦੇ ਮਾਪੇ ਚਮੜਾ ਰੰਗਣ, ਚਮੜਾ ਲਾਹੁਣ ਅਤੇ ਕੂੜਾ ਕਰਕਟ ਚੁੱਕਣ ਦਾ ਕੰਮ ਕਰਦੇ ਹਨ। ਇਸੇ ਤਰਾ 6ਵੀਂ ਤੋਂ 12ਵੀਂ ਤੱਕ ਪੜਦੇ ਐਸ.ਸੀ. ਸਪੋਰਟਸ ਸਟੂਡੈਂਟਸ ਨੂੰ ਵੀ ਵਜ਼ੀਫੇ ਦਿੱਤੇ ਜਾਂਦੇ ਹਨ। 6ਵੀਂ ਤੋਂ 8ਵੀਂ ਵਾਲੇ ਵਿਦਿਆਰਥੀਆਂ ਨੂੰ 500 ਰੁਪਏ, 9 ਵੀਂ ਤੋਂ 10ਵੀਂ ਵਾਲਿਆਂ ਨੂੰ 750 ਰੁਪਏ ਅਤੇ 11ਵੀਂ ਅਤੇ 12ਵੀਂ ਵਾਲਿਆਂ ਨੂੰ 1000 ਰੁਪਏ ਇੱਕੋ ਵਾਰ ਦਿੱਤੇ ਜਾਂਦੇ ਹਨ। ਬਲਾਕ ਪੱਧਰ ’ਤੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਇਸ ਵਜੀਫ਼ੇ ਲਈ ਯੋਗ ਹਨ।

ਅਨੁਸੂਚਿਤ ਜਾਤਾਂ ਲਈ ਪੋਸਟ-ਮੈਟ੍ਰਰਿਕ ਸਕਾਲਰਸ਼ਿਪ ਸਕੀਮ ਹੇਠ 2.50 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਮਾਪਿਆਂ ਦੇ ਬੱਚਿਆ ਨੂੰ ਮੈਨਟੇਨੈਸ ਅਲਾਉਸ ਸਲਾਨ 2500 ਰੁਪਏ ਅਤੇ ਹੋਸਟਲਰਾਂ ਨੂੰ ਸਲਾਨਾ 4000 ਰੁਪਏ ਦਿੱਤਾ ਜਾਂਦਾ ਹੈ। ਇਸ ਸਕੀਮ ਦਾ ਲਾਭ ਉਠਾਉਣ ਵਾਲਾ ਵਿਦਿਆਰਥੀ ਕੋਈ ਹੋਰ ਵਜ਼ੀਫਾ ਨਾ ਲੈਂਦਾ ਹੋਵੇ ਅਤੇ ਉਸ ਦੀ 75 ਫੀਸਦੀ ਹਾਜ਼ਰੀ ਹੋਵੇ। ਉਸ ਦੇ ਘੱਟੋ ਘੱਟ 50 ਫੀਸਦੀ ਅੰਕ ਹੋਣੇ ਚਾਹੀਦੇ ਹਨ। ਇਸੇ ਤਰਾਂ ਹੀ ਹੋਰ ਪਛੜੀਆਂ ਸ਼੍ਰੇਣੀਆਂ ਨੂੰ ਪੋਸਟ-ਮੈਟ੍ਰਰਿਕ ਸਕਾਲਰਸ਼ਿਪ ਸਕੀਮ ਹੇਠ 160 ਰੁਪਏ ਪ੍ਰਤੀ ਮਹੀਨਾ ਮੈਨਟੇਨੈਸ ਅਲਾਉਸ ਦਿੱਤਾ ਜਾਂਦਾ ਹੈ। ਇਸ ਵਿੱਚ ਵੀ ਮਾਪਿਆਂ ਦੀ ਦੀ ਸਲਾਨਾ ਆਮਦਨ ਦੀ ਸੀਮਾ 1.50 ਲੱਖ ਰੁਪਏ ਸਲਾਨਾ ਰੱਖੀ ਗਈ ਹੈ ਅਤੇ ਵਿਦਿਆਰਥੀ ਦੀ ਹਾਜ਼ਰੀ 75 ਫੀਸਦੀ ਹੋਣੀ ਚਾਹੀਦੀ ਹੈ। ਇਸ ਲਈ ਵਿਦਿਆਰਥੀ ਦੇ ਅੰਕ 60 ਫੀਸਦੀ ਜਾਂ ਵੱਧ ਹੋਣੇ ਚਾਹੀਦੇ ਹਨ।

ਇਸੇ ਤਰਾਂ ਹੀ ‘ਸਕੀਮ ਆਫ ਅਪ-ਗ੍ਰੇਡੇਸ਼ਨ ਆਫ ਮੈਰਿਟ ਆਫ ਐਸ.ਸੀ. ਸਟੂਡੈਂਟਸ’, ਘੱਟ ਗਿਣਤੀਆਂ ਲਈ ਪ੍ਰੀ-ਮੈਟ੍ਰਰਿਕ ਸਕਾਲਰਸ਼ਿਪ ਸਕੀਮ, ਘੱਟ ਗਿਣਤੀਆਂ ਲਈ ਪੋਸਟ-ਮੈਟ੍ਰਰਿਕ ਸਕਾਲਰਸ਼ਿਪ ਸਕੀਮ, ਨੈਸ਼ਨਲ ਮੈਰਿਟ-ਕਮ-ਮੀਨਜ਼ ਸਕਾਲਰਸ਼ਿਪ ਸਕੀਮ, ਵਿਕਲਾਂਗ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਰਿਕ ਸਕਾਲਰਸ਼ਿਪ ਸਕੀਮ, ਵਿਕਲਾਂਗ ਵਿਦਿਆਰਥੀਆਂ ਲਈ ਪੋਸਟ-ਮੈਟ੍ਰਰਿਕ ਸਕਾਲਰਸ਼ਿਪ ਸਕੀਮ, ਰਜਿਸਟਰਡ ਕਿਰਤੀਆਂ ਦੇ ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ.ਸੀ. ਵਿਦਿਆਰਥਣਾਂ ਲਈ ਹਾਜ਼ਰੀ ਸਕਲਾਰਸ਼ਿਪ ਅਤੇ ਈ.ਡਬਲਯੂ.ਸੀ. ਤੇ ਬੀ.ਸੀ. ਲੜਕੀਆ ਲਈ ਹਾਜ਼ਰੀ ਸਕਲਾਰਸ਼ਿਪ ਹੇਠ ਵੱਖ ਵੱਖ ਸ਼ਰਤਾਂ ਤਹਿਤ ਵਜ਼ੀਫਾ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਪੜਾਈ ਵਿੱਚ ਕੋਈ ਦਿੱਕਤ ਨਾ ਆਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Google 80 ਆਕਸੀਜਨ ਪਲਾਂਟ ਲਾਉਣ ਲਈ ਦੇਵੇਗਾ 113 ਕਰੋੜ ਰੁਪਏ

ਪੰਜਾਬ ਰਾਜ ਤਕਨੀਕੀ ਸਿਖਿਆ ਬੋਰਡ ਵਲੋਂ ਦੋ ਸਾਲ ਦੌਰਾਨ 119 ਵਿਦਿਆਰਥੀਆਂ ਨੂੰ 25.81 ਲੱਖ ਦੀ ਫੀਸ ਮੁਆਫੀ ਅਤੇ ਸਕਾਲਰਸ਼ਿਪ ਦਾ ਲਾਭ