ਚੰਡੀਗੜ੍ਹ, 18 ਮਈ 2021 – ਪੰਜਾਬ ਰਾਜ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਵੱਲੋਂ ਸੈਸ਼ਨ 2018-19 ਦੌਰਾਨ ਦਾਖਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮੈਰਿਟ-ਕਮ-ਆਮਦਨ ਦੇ ਅਧਾਰ ‘ਤੇ ਦੂਜੇ ਸਾਲ ਲਈ 31ਵਿਦਿਆਰਥੀਆਂ ਨੂੰ ਪੂਰੀ ਫੀਸ ਮੁਆਫੀ ਅਤੇ 29 ਵਿਦਿਆਰਥੀਆਂ ਨੂੰ ਬੋਰਡ ਦੇ ਨਿਯਮਾਂ ਅਤੇ ਸ਼ਰਤਾ ਮੁਤਾਬਕ ਸਕਾਲਰਸ਼ਿਪ ਦਾ ਲਾਭ ਜਾਰੀ ਕੀਤਾ ਗਿਆ ਹੈ। ਸੈਸ਼ਨ 2019-20 ਦੌਰਾਨ ਦਾਖਲ ਹੋਏ ਵਿਦਿਆਰਥੀਆਂ ਨੂੰ ਮੈਰਿਟ ਦੇ ਆਧਾਰ ‘ਤੇ ਪਹਿਲੇ ਸਾਲ ਲਈ 37 ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫੀ ਅਤੇ 18 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਾ ਲਾਭ ਜਾਰੀ ਕੀਤਾ ਗਿਆ ਹੈ। ਬੋਰਡ ਵੱਲੋਂ ਸੈਸ਼ਨ 2018-19 ਅਤੇ 2019-20 ਲਈ ਫੀਸ ਮੁਆਫੀ ਜਾਂ ਸਕਾਲਰਸ਼ਿਪ ਅਧੀਨ ਆਉਂਦੇ ਕੁੱਲ 119 ਵਿਦਿਆਰਥੀਆਂ ਨੂੰ ਲੱਗਭੱਗ 25.81 ਲੱਖ ਰੁਪਏ ਦੀ ਰਾਸ਼ੀ ਦਾ ਲਾਭ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਚੇਅਰਮੈਨ ਪੰਜਾਬ ਰਾਜ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਅਖਤਿਆਰੀ ਕੋਟੇ ਵਿਚੋਂ 04 ਜਰੂਰਤਮੰਦ ਵਿਦਿਆਰਥੀਆਂ ਨੂੰ ਪੂਰੀ ਫੀਸ ਮੁਆਫੀ ਦੀ ਛੋਟ ਦਿੱਤੀ ਗਈ ਹੈ।
ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੰਜਾਬ ਰਾਜ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਤੋਂ ਡਿਪਲੋਮਾ ਇੰਨ ਇੰਜੀਨੀਅਰਿੰਗ ਅਤੇ ਫਾਰਮੇਸੀ ਕੋਰਸਾਂ ਵਿੱਚ ਤਕਨੀਕੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਮੈਰਿਟ-ਕਮ-ਆਮਦਨ ਦੇ ਆਧਾਰ ‘ਤੇ ਵੱਖ-ਵੱਖ ਸਕੀਮਾਂ ਅਧੀਨ ਯੋਗ ਵਿਦਿਆਰਥੀਆਂ ਨੂੰ ਪੂਰੀ ਫੀਸ ਮੁਆਫੀ ਜਾਂ ਸਕਾਲਰਸ਼ਿਪ ਵਜੋਂ ਰੁਪਏ 12000/- ਪ੍ਰਤੀ ਸਾਲ ਸਕੀਮ ਤਹਿਤ ਲਾਭ ਦਿੱਤਾ ਜਾਂਦਾ ਹੈ।
ਇਸ ਦੇ ਨਾਲ ਹੀ ਸ. ਮਹਿੰਦਰ ਸਿੰਘ ਕੇ.ਪੀ., ਚੇਅਰਮੈਨ, ਪੰਜਾਬ ਰਾਜ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀ ਵਿੱਤੀ ਸੰਕਟ ਕਰਕੇ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਨਾ ਰਹਿਣ।