ਰੋਪੜ ਪੁਲਿਸ ਵੱਲੋਂ ਜਾਅਲੀ ਰੈਮਡੇਸਿਵਿਰ ਬਣਾਉਣ ਵਾਲੇ ਕਰੋੜਾਂ ਰੁਪਏ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼

  • ਗ੍ਰਿਫਤਾਰ ਕੀਤੇ ਗਏ 6 ਵਿਅਕਤੀਆਂ ਤੋਂ 2 ਕਰੋੜ ਦੀ ਨਕਦੀ ਅਤੇ 4 ਵਾਹਨ ਜ਼ਬਤ

ਚੰਡੀਗੜ/ਰੋਪੜ, 19 ਜੂਨ 2021 – ਰੋਪੜ ਪੁਲਿਸ ਨੇ ਅੱਜ 6 ਵਿਅਕਤੀਆਂ ਦੀ ਗਿ੍ਰਫ਼ਤਾਰੀ ਨਾਲ ਜਾਅਲੀ ਰੈਮਡੇਸਿਵਿਰ ਬਣਾਉਣ ਵਾਲੇ ਕਰੋੜਾਂ ਰੁਪਏ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਗਿਰੋਹ ਦਾ ਸਰਗਨਾ ਵੀ ਸ਼ਾਮਲ ਹੈ ਜੋ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਐਂਟੀ-ਵਾਇਰਲ ਡਰੱਗ ਨੂੰ ਜਾਅਲੀ ਤੌਰ ’ਤੇ ਤਿਆਰ ਕਰਕੇ ਇਸਦੀ ਕਾਲਾਬਜ਼ਾਰੀ ਕਰਦਾ ਸੀ।

ਪੁਲਿਸ ਨੇ ਇਨਾਂ ਵਾਈਲਜ਼ (ਸ਼ੀਸ਼ੀਆਂ) ਨੂੰ ਬਣਾਉਣ ਲਈ ਵਰਤੇ ਗਏ ਡਿਜ਼ਾਇਨ ਅਤੇ ਪੈਕਜਿੰਗ ਸਮੱਗਰੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਦੋਸ਼ੀਆਂ ਪਾਸੋਂ 2 ਕਰੋੜ ਰੁਪਏ ਦੀ ਨਕਦੀ ਅਤੇ ਮਾਰੂਤੀ ਬਲੀਨੋ (ਯੂ.ਪੀ. 12 ਬੀਬੀ 6710), ਟੋਯੋਟਾ ਈਟੀਓਸ (ਯੂ.ਕੇ. 08 ਏਸੀ 2561), ਹੁੰਡਈ ਆਈ 20 (ਪੀ.ਬੀ. 65 ਏਯੂ 5784) ਅਤੇ ਮਾਰੂਤੀ ਸਵਿਫਟ ਡਿਜ਼ਾਇਰ (ਸੀ.ਐਚ. 01 ਐਕਸ 7862) ਸਮੇਤ ਚਾਰ ਗੱਡੀਆਂ ਵੀ ਬਰਾਮਦ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਨਾਂ ਵਿੱਚੋਂ ਇੱਕ ਦੋਸ਼ੀ ਮੁਹੰਮਦ ਸ਼ਾਹਵਰ ਨੇ ਦਸ ਮਹੀਨੇ ਪਹਿਲਾਂ ਦਵਾਈਆਂ ਦਾ ਸਟਾਕ ਰੱਖਣ ਲਈ ਪਿੰਡ ਮਲੋਆ ਵਿਖੇ ਕਿਰਾਏ ‘ਤੇ ਥਾਂ ਲਈ ਸੀ। ਪਿਛਲੇ ਮਹੀਨੇ ਭਾਖੜਾ ਨਹਿਰ ਵਿੱਚ ਸ਼ੀਸ਼ੀਆਂ ਦੀ ਬਰਾਮਦਗੀ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਗਈ ਐਸ.ਆਈ.ਟੀ. ਨੇ ਬਰਾਮਦ ਕੀਤੀਆਂ ਗਈਆਂ ਸ਼ੀਸ਼ੀਆਂ ਉੱਤੇ ਲਿਖੇ ਪਤੇ ਦਾ ਪਤਾ ਲਗਾਇਆ ਜੋ ਮਾਲੋਆ ਦੇ ਨੌਟਵਿਨਸ ਫਾਰਮਾਸੂਟੀਕਲਜ਼ ਦਾ ਸੀ, ਜਿਸਦੇ ਮਾਲਕ ਤੋਂ ਪੁੱਛਗਿੱਛ ਕੀਤੀ ਗਈ। ਡੀ.ਜੀ.ਪੀ. ਨੇ ਅੱਗੇ ਕਿਹਾ ਕਿ ਉਸ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੂੰ ਸਮੁੱਚੀ ਸਾਜਿਸ਼ ਨੂੰ ਬੇਨਕਾਬ ਕਰਨ ਅਤੇ ਮੁਲਜ਼ਮ ਦੀ ਪਛਾਣ ਕਰਨ ਵਿੱਚ ਮਦਦ ਮਿਲੀ।
ਉਕਤ ਫਾਰਮਾਸੂਟੀਕਲਜ਼ ਦੇ ਮਾਲਕ ਨੇ ਇਹ ਵੀ ਖੁਲਾਸਾ ਕੀਤਾ ਕਿ ਦਿੱਲੀ, ਪਾਣੀਪਤ, ਅੰਬਾਲਾ ਸਮੇਤ ਵੱਖ-ਵੱਖ ਪੁਲਿਸ ਇਕਾਈਆਂ ਨੇ ਮੁਲਜ਼ਮਾਂ ਦੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਓਥੇ ਛਾਪੇਮਾਰੀ ਕੀਤੀ ਸੀ।

ਡੀਜੀਪੀ ਨੇ ਅੱਗੇ ਦੱਸਿਆ ਕਿ ਹੋਰ ਰਾਜਾਂ ਵਿੱਚ ਉਨਾਂ ਦੇ ਕੰਮਕਾਜ ਵਾਲੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਬਰਾਮਦ ਕੀਤੀਆਂ ਸ਼ੀਸ਼ੀਆਂ ਦੇ ਨਮੂਨੇ ਫੌਰੈਂਸਿਕ ਜਾਂਚ ਲਈ ਸੀ.ਡੀ.ਐਸ.ਸੀ.ਓ, ਕੋਲਕਾਤਾ ਭੇਜੇ ਗਏ ਹਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਨਾਂ ਜਾਅਲੀ ਦਵਾਈਆਂ ਵਿੱਚ ਕਿਹੜੇ ਪਦਾਰਥ / ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਸੀ।

ਇਸ ਤੋਂ ਇਲਾਵਾ ਮੁਹੰਮਦ ਸ਼ਾਹਵਰ ਅਤੇ ਉਸ ਦੇ ਸਹਿਯੋਗੀ ਜਿਸਦੀ ਪਛਾਣ ਸ਼ਾਹ ਨਾਜ਼ਰ ਵਜੋਂ ਹੋਈ ਹੈ ਅਤੇ ਜੋ ਇਨਾਂ ਨਕਲੀ ਟੀਕਿਆਂ ਦੀ ਸਪਲਾਈ ਦਾ ਮੁੱਖ ਦੋਸ਼ੀ ਹੈ, ਨੂੰ ਨਾਮਜ਼ਦ ਕਰਨ ਤੋਂ ਬਾਅਦ, ਰੋਪੜ ਪੁਲਿਸ ਨੇ ਹੋਰ ਜਾਣਕਾਰੀ ਹਾਸਲ ਕਰਨ ਲਈ ਸ਼ਾਹਵਾਰ ਦੇ ਮੁੱਖ ਦਫਤਰ ਅਤੇ ਘਰ ਕਾਲਾ ਅੰਬ ਵਿਖੇ ਛਾਪੇਮਾਰੀ ਕੀਤੀ। ਗੁਪਤਾ ਨੇ ਦੱਸਿਆ ਕਿ ਇਸ ਦੌਰਾਨ ਸ਼ਾਹਵਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਅਤੇ ਗਿਫਤਾਰੀ ਤੋਂ ਬਚਣ ਲਈ ਘੱਟੋ ਘੱਟ ਇਕ ਮਹੀਨੇ ਲਈ ਉਹ ਗੋਆ, ਬੰਗਲੌਰ, ਯੂ.ਪੀ, ਦਿੱਲੀ ਅਤੇ ਹੋਰ ਕਈ ਥਾਵਾਂ ‘ਤੇ ਲੁਕਿਆ ਰਿਹਾ।

ਪਿਛਲੇ ਮਹੀਨੇ 6 ਮਈ ਨੂੰ ਰੂਪਨਗਰ ਦੇ ਪਿੰਡ ਸਲੇਮਪੁਰ ਅਤੇ ਬਾਲਸੰਦਾ ਵਿਖੇ ਭਾਖੜਾ ਨਹਿਰ ਤੋਂ 3000 ਵਾਇਲਾਂ ਜਿਸ ਵਿੱਚ 621 ਰਿਮਡੇਸੀਵੀਰ ਅਤੇ 1456 ਸੇਫੋਪੇਰਾਜੋਨ ਇਸ ਤੋਂ ਇਲਾਵਾ 849 ਬਿਨਾਂ ਨਾਮ ਵਾਲੇ ਸ਼ੀਸ਼ੀਆ ਸਨ, ਬਰਾਮਦ ਕਰਨ ਤੋਂ ਬਾਅਦ ਐਸ.ਪੀ. ਹੈਡਕੁਆਟਰ ਡਾ. ਅੰਕੁਰ ਗੁਪਤਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ।

ਰੋਪੜ ਦੇ ਐਸ.ਐਸ.ਪੀ. ਅਖਿਲ ਚੌਧਰੀ ਅਨੁਸਾਰ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੁਹੰਮਦ ਸ਼ਾਹਵਰ ਵਾਸੀ ਉੱਤਰ ਪ੍ਰਦੇਸ਼ (ਯੂਪੀ) ਦੇ ਮੁਜੱਫਰਨਗਰ ਦੇ ਪਿੰਡ ਖੁੱਡਾ,ਅਰਸ਼ਦ ਖਾਨ ਵਾਸੀ ਬਾਘਪਤ, ਯੂਪੀ, ਮੁਹੰਮਦ ਅਰਸ਼ਦ ਸਹਾਰਨਪੁਰ ਯੂ.ਪੀ; ਹਰਿਆਣਾ ਦੇ ਕੁਰੂਕਸ਼ੇਤਰ ਦੇ ਪ੍ਰਦੀਪ ਸਰੋਹਾ ਅਤੇ ਸ਼ਾਹ ਨਾਜ਼ਰ ਅਤੇ ਸ਼ਾਹ ਆਲਮ ਦੋਵੇਂ ਵਾਸੀ ਬਹਿਲੋਪੁਰ, ਮੁਹਾਲੀ ਵਜੋਂ ਹੋਈ ਹੈ।

ਐਸਐਸਪੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 188, 278, 468, ਟ੍ਰੇਡਮਾਰਕ ਐਕਟ ਦੀ ਧਾਰਾ 103, ਜਲ (ਰੋਕਥਾਮ ਅਤੇ ਨਿਯੰਤਰਣ) ਐਕਟ ਦੀ ਧਾਰਾ 43, ਜਰੂਰੀ ਵਸਤਾਂ ਦੀ ਧਾਰਾ 7, ਮਹਾਂਮਾਰੀ ਰੋਗ ਐਕਟ ਦੀ ਧਾਰਾ 3, ਆਪਦਾ ਪ੍ਰਬੰਧਨ ਐਕਟ ਦੀ ਧਾਰਾ 53, 54, 57 ਅਤੇ ਡਰੱਗਜ ਅਤੇ ਕਾਸਮੈਟਿਕ ਐਕਟ ਦੀ ਧਾਰਾ 27 ਤਹਿਤ ਚਮਕੌਰ ਸਾਹਿਬ ਥਾਣੇ ਵਿਖੇ ਐਫ.ਆਈ.ਆਰ. ਨੰ. 46 ਮਿਤੀ 6 ਮਈ 2021 ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੈਂਗਸਟਰ ਜੈਪਾਲ ਦੇ ਪੋਸਟ ਮਾਰਟਮ ਦਾ ਮਾਮਲਾ ਮੁੜ ਹਾਈਕੋਰਟ ‘ਚ ਪੁੱਜਿਆ

ਵੀਡੀਓ: ਚੂੜੇ ਵਾਲੀ ਨੇ ਦਾਰੂ ਪੀ ਕੇ ਪਤੀ ਨੂੰ ਲਗਾਈ ਅੱਗ, Social Media ‘ਤੇ ਪਈਆਂ ਪਿਆਰ ਦੀਆਂ ਪੀਂਘਾਂ ਦਾ ਖੌਫਨਾਕ ਅੰਜਾਮ