ਨਵੀਂ ਦਿੱਲੀ, 22 ਜੂਨ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਇਥੇ ਪੰਜਾਬੀ ਬਾਗ ਦੇ ਇਕ ਪਾਰਕ ਵਿਚ ਬਣਾਇਆ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮਾਡਲ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਤੁੜਵਾ ਦਿੱਤਾ।
ਸਿਰਸਾ ਨੇ ਦੱਸਿਆ ਕਿ ਕੱਲ੍ਹ ਇਹ ਮਾਮਲਾ ਸਾਡੇ ਧਿਆਨ ਵਿਚ ਆਇਆ ਸੀ ਤਾਂ ਅਸੀਂ ਤੁਰੰਤ ਐਸ ਡੀ ਐਮ ਸੀ ਕਮਿਸ਼ਨਰ ਗਣੇਸ਼ ਭਾਰਤੀ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਇਹ ਮਾਡਲ ਮਰਿਆਦਾ ਦੇ ਉਲਟ ਹੈ ਤੇ ਇਹ ਮਾਡਲ ਕਿਸੇ ਵੀ ਤਰੀਕੇ ਪ੍ਰਵਾਨ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਅਜਿਹਾ ਮਾਡਲ ਬਣਾਉਣਾ ਮਹਾਪਾਪ ਹੈ। ਉਹਨਾਂ ਕਿਹਾ ਕਿ ਪਾਰਕ ਵਿਚ ਕੁਤਬ ਮੀਨਾਰ ਸਮੇਤ ਹੋਰ ਮਾਡਲ ਬਣਾਏ ਹਨ ਪਰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਨਹੀਂ ਬਣਾਇਆ ਜਾ ਸਕਦਾ।
ਉਹਨਾਂ ਦੱਸਿਆ ਕਿ ਐਸ ਡੀ ਐਮ ਸੀ ਦੇ ਕਮਿਸ਼ਨਰ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਟੀਮ ਸਵੇਰੇ 7 ਵਜੇ ਤੋਂ ਲੱਗ ਜਾਵੇਗੀ ਤੇ ਮਾਡਲ ਤੋੜ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਸੰਗਤ ਨੂੰ ਅਸੀਂ ਇਹ ਭਰੋਸਾ ਦੁਆਇਆ ਸੀ ਕਿ ਇਸਨੁੰ ਇਕ ਦਿਨ ਦੇ ਅੰਦਰ ਅੰਦਰ ਤੁੜਾਵਾਂਗੇ। ਉਹਨਾਂ ਦੱਸਿਆ ਕਿ ਅੱਜ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰ ਮੌਕੇ ‘ਤੇ ਪਹੁੰਚੇ ਹੋਏ ਹਨ ਜੋ ਮਾਡਲ ਤੁੜਵਾਉਣ ਦੇ ਕੰਮ ਦੀ ਨਿਗਰਾਨੀ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਦਿੱਲੀ ਕਮੇਟੀ ਦੇ ਉਦਮ ‘ਤੇ ਕਾਰ ਸੇਵਾ ਵਾਲੇ ਬਾਬਾ ਜੀ ਵੀ ਆਪਣੀ ਮਸ਼ੀਨ ਲੈ ਕੇ ਇਸ ਮਾਡਲ ਨੁੰ ਤੋੜਨ ਦੇ ਕੰਮ ਵਿਚ ਡਟੇ ਹੋਏ ਹਨ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਸਥਾਨ ਦਾ ਮਾਡਲ ਕਿਸੇ ਹਾਲਤ ਵਿਚ ਨਹੀਂ ਬਣਾਇਆ ਜਾ ਸਕਦਾ। ਉਹਨਾਂ ਦੱਸਿਆ ਕਿ ਅੱਜ ਐਸ ਡੀ ਐਮ ਸੀ ਦਾ ਸਟਾਫ ਮਸ਼ੀਨਾਂ ਲੈ ਕੇ ਸਵੇਰੇ ਪਹੁੰਚ ਗਿਆ ਸੀ ਤੇ ਮਾਡਲ ਤੋੜਨ ਦਾ ਕੰਮ ਜਾਰੀ ਹੈ। ਉਹਨਾਂ ਨੇ ਮੌਕੇ ਤੋਂ ਵੀਡੀਓ ਵੀ ਸੰਗਤ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਵਾਂਗਰ ਹੀ ਮਾਡਲ ਦੇ ਨਾਲ ਪਾਣੀ ਦਾ ਸਰੋਵਰ ਵੀ ਬਣਾਇਆ ਗਿਆ ਸੀ ਜੋ ਸਾਰਾ ਤੋੜਿਆ ਜਾ ਰਿਹਾ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਅਸੀਂ ਕਿਸੇ ਵੀ ਹਾਲਤ ਵਿਚ ਸ੍ਰੀ ਹਰਿਮੰਦਿਰ ਸਾਹਿਬ ਦਾ ਮਾਡਲ ਬਣਾਉਣ ਦੀ ਆਗਿਆ ਨਹੀਂ ਦੇਵਾਂਗੇ।