ਸੁੱਚਾ ਸਿੰਘ ਲੰਗਾਹ ਨੇ ਮੁੜ ਸਿੱਖ ਪੰਥ ਵਿਚ ਸ਼ਾਮਿਲ ਕਰਨ ਲਈ ਕੀਤੀ ਅਪੀਲ

ਅੰਮ੍ਰਿਤਸਰ 25 ਜੂਨ 2021 – ਪੰਥ ਚੋਂ ਛੇਕੇ ਗਏ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਪੱਤਰਕਾਰਾਂ ਦੇ ਸਾਹਮਣੇ ਭਾਵਕ ਹੁੰਦਿਆਂ ਪੰਥ ‘ਚ ਮੁੜ ਸ਼ਾਮਲ ਕਰਨ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦਿਆਂ ਇਕ ਵਾਰ ਫਿਰ ਮੁਆਫ਼ੀ ਲਈ ਗੁਹਾਰ ਲਗਾਈ ਹੈ। ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਮੈ ਮੀਡੀਆ ਰਾਹੀਂ ਜਥੇਦਾਰ ਸਾਹਿਬ ਅਤੇ ਗੁਰੂ ਪੰਥ ਅੱਗੇ ਤਰਲਾ ਕਰਦਾ ਹਾਂ ਕਿ ਮੇਰੀਆਂ ਭੁੱਲਾਂ ਨੂੰ ਬਖ਼ਸ਼ ਦੇ ਹੋਏ ਮੈਨੂੰ ਮੁਆਫ਼ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਬਜ਼ੁਰਗ ਮਾਤਾ ਪਿਤਾ ਕਈ ਵਾਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਬੇਨਤੀਆਂ ਕਰ ਚੁੱਕੇ ਹਨ ਕਿ ਉਸ ਵੱਲੋਂ ਜਾਣੇ ਅਨਜਾਣੇ ਹੋਈਆਂ ਭੁੱਲਾਂ ਨੂੰ ਮੁਆਫ਼ ਕਰਦਿਆਂ, ਉਸ ਨੂੰ ਸਿੱਖ ਪੰਥ ਵਿਚ ਮੁੜ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਿੱਖ ਕੌਮ ਦੇ ਮਹਾਨ ਸ਼ਖ਼ਸੀਅਤ ਹਨ ਅਤੇ ਰੱਬ ਤੋਂ ਬਾਅਦ ਦੂਜਾ ਦਰਜਾ ਰੱਖਦੇ ਹਨ, ਜਿਨ੍ਹਾਂ ’ਤੇ ਕਿਸੇ ਕਿਸਮ ਦਾ ਰਾਜਨੀਤਕ ਦਬਾਅ ਨਹੀਂ ਪਾਇਆ ਜਾ ਸਕਦਾ, ਉਨ੍ਹਾਂ ਵੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਦਿਆਂ ਕਿਹਾ ਸੀ ਕਿ ਜਿਹੜਾ ਵੀ ਸਿੱਖ ਨਿਮਰਤਾ ਸਹਿਤ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਦਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਭੁੱਲਾਂ ਚੁੱਕਾਂ ਪ੍ਰਤੀ ਖਿਮਾ ਯਾਚਨਾ ਕਰਦਿਆਂ ਨਤਮਸਤਕ ਹੁੰਦਾ ਹੈ, ਉਸ ਨੂੰ ਮੁੜ ਪੰਥ ਵਿੱਚ ਮੁੜ ਸ਼ਾਮਲ ਕੀਤਾ ਜਾ ਸਕਦਾ ਹੈ। ਲੰਗਾਹ ਨੇ ਕਿਹਾ ਕਿ ਉਸ ਦੀ ਖਿਮਾ ਯਾਚਕ ਪ੍ਰਤੀ ਲੰਮੇ ਸਮੇਂ ਤਕ ਕੋਈ ਸੁਣਵਾਈ ਨਾ ਹੋਣ ਕਾਰਨ ਇਕੱਲੇ ਉਸ ਨੂੰ ਹੀ ਨਹੀਂ ਸਗੋਂ ਉਸ ਦੇ ਪਰਿਵਾਰਿਕ ਮੈਂਬਰਾਂ ਰਿਸ਼ਤੇਦਾਰਾਂ ਨੂੰ ਵੀ ਮਾਨਸਿਕ ਅਤੇ ਸਮਾਜਿਕ ਪੀੜਾ ਵਿਚੋਂ ਗੁਜ਼ਰਨਾ ਪੈ ਰਿਹਾ ਹੈ।

ਲੰਗਾਹ ਨੇ ਕਿਹਾ ਕਿ ਉਹ 72 ਦਿਨਾਂ ਤੋਂ ਲਗਾਤਾਰ ਇਕ ਨਿਮਾਣੇ ਵਜੋਂ ਨੰਗੇ ਪੈਰੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਬਾਣੀ ਪੜ੍ਹ ਰਹੇ ਹਨ ਤੇ ਅਰਦਾਸ ਬੇਨਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਤਕ ਦੇ ਇਤਿਹਾਸ ’ਚ ਜਿਨ੍ਹਾਂ ਤੋਂ ਵੀ ਗ਼ਲਤੀਆਂ ਹੋਈਆਂ ਇਸ ਦਰ ’ਤੇ ਆਉਣ ਉੱਤੇ ਸਭ ਨੂੰ ਗੁਰੂ ਸਾਹਿਬ ਨੇ ਆਪਣੇ ’ਕੰਠਿ’ ਲਾਇਆ ਹੈ। ਉਨ੍ਹਾਂ ਕਿਹਾ ਕਿ ਇੱਥੋਂ ਬੂਟਾ ਸਿੰਘ ਵਰਗੇ ਬਖ਼ਸ਼ੇ ਗਏ ਹਨ। ਉਨ੍ਹਾਂ ਕਿਹਾ ਕਿ ਮਨੁੱਖ ਭੁੱਲਣਹਾਰ ਹੈ ਅਤੇ ਅਭੁੱਲ ਕੇਵਲ ਗੁਰੂ ਕਰਤਾਰ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੀਸ ਝੁਕਾਉਂਦਿਆਂ ਸਮਰਪਿਤ ਰਹਿਣ ਦੀ ਭਾਵਨਾ ਪ੍ਰਗਟ ਕੀਤੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਰ ਆਦੇਸ਼ ਦੀ ਪਾਲਣਾ ਕਰਨ ਲਈ ਵਚਨਬੱਧਤਾ ਨੂੰ ਵਾਰ ਵਾਰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਪੰਥ ਦੇ ਇਕ ਨਿਮਾਣੇ ਵਜੋਂ ਲਗਾਤਾਰ ਸ਼ਰਨ ਆ ਰਿਹਾ ਹੈ, ਉਨ੍ਹਾਂ ਨੂੰ ਵੀ ਪੂਰੀ ਆਸ ਹੈ ਕਿ ਹਾਜ਼ਰ ਹੋਇਆ ਨੂੰ ’ਕੰਠਿ’ ਲਾਇਆ ਜਾਵੇਗਾ । ਉਨ੍ਹਾਂ ਭਾਵਕ ਹੁੰਦਿਆਂ ਕਿਹਾ ਕਿ ਜਿਸ ਤਰਾਂ ਬਾਲਕ ਸੁਭਾਵਕ ਹੀ ਲੱਖਾਂ ਅਪਰਾਧ ਜਾਂ ਗੁਨਾਹ ਕਰਦਾ ਹੈ ਤਾਂ ਵੀ ਪਿਤਾ ਬਹੁ ਭਾਤੀ ਝਿੜਕਦਾ ਉਪਦੇਸ਼ ਦਿੰਦਾ ਅਤੇ ਫਿਰ ਗਲ ਨਾਲ ਲਾ ਲੈਂਦਾ ਹੈ, ਉਸੇ ਤਰਾਂ ਗੁਰੂ ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਆਪਣਿਆਂ ਲਈ ਸਤਿਗੁਰਾਂ ਦਾ ਬਖ਼ਸ਼ਿੰਦ ਦਰ ਹੈ ਅਤੇ ਉਸ ਦੀਆਂ ਭੁੱਲਾਂ ਨੂੰ ਜ਼ਰੂਰ ਮੁਆਫ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ’ਚ ਅਜਿਹਾ ਕੋਈ ਇਤਿਹਾਸਕ ਪ੍ਰਮਾਣ ਨਹੀਂ ਮਿਲਦਾ ਜਿੱਥੇ ਸ਼ਰਨ ਆਇਆ ਕਿਸੇ ਭੁਲੱਕੜ ਜਾਂ ਗੁਨਾਹਗਾਰ ਨੂੰ ਮੁਆਫ਼ੀ ਨਾ ਮਿਲੀ ਹੋਵੇ। ਉਨ੍ਹਾਂ ਕਿਹਾ ਕਿ ਉਹ ਮੁਆਫ਼ੀ ਮਿਲਣ ਤਕ ਇਕ ਨਿਮਾਣੇ ਵਜੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵਾਰ ਵਾਰ ਫ਼ਰਿਆਦ ਬੇਨਤੀ ਕਰਦਾ ਰਹੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ ਵਿਧਾਇਕ ਰੰਧਾਵਾ ਦੇ ਪੁੱਤਰ ਸਮੇਤ ਐਨ.ਆਰ.ਆਈ ਅਤੇ ਕਾਰੋਬਾਰੀ ਹੋਏ ਆਪ ‘ਚ ਸ਼ਾਮਲ

ਹੁਸ਼ਿਆਰਪੁਰ: ਇਕ ਸਾਲ 9 ਮਹੀਨਿਆਂ ਦੀ ਆਰੋਹੀ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ