ਮੈਡੀਕਲ ਆਕਸੀਜਨ ਉਤਪਾਦਨ ਲਈ ਜੁਲਾਈ ‘ਚ ਸ਼ੁਰੂ ਹੋਣਗੇ 75 ਪੀ.ਐਸ.ਏ. ਪਲਾਂਟ

  • ਮੈਡੀਕਲ ਆਕਸੀਜਨ ਉਤਪਾਦਨ ‘ਚ ਪੰਜਾਬ ਦੀ ਵੱਡੀ ਪੁਲਾਂਘ; ਜੁਲਾਈ ‘ਚ ਸ਼ੁਰੂ ਹੋਣਗੇ 75 ਪੀ.ਐਸ.ਏ. ਪਲਾਂਟ: ਮੁੱਖ ਸਕੱਤਰ
  • ਅਧਿਕਾਰੀਆਂ ਨੂੰ ਜੀਵਨ ਰੱਖਿਅਕ ਗੈਸ ਦੇ ਦਬਾਅ ਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਅਤੇ 25 ਜੁਲਾਈ ਤੱਕ ਪਲਾਂਟ ਸਥਾਪਤ ਕਰਨ ਦਾ ਕੰਮ ਮੁਕੰਮਲ ਕਰਨ ਲਈ ਕਿਹਾ

ਚੰਡੀਗੜ੍ਹ, 27 ਜੂਨ 2021 – ਕੋਵਿਡ-19 ਦੀ ਸੰਭਾਵੀ ਤੀਜੀ ਲਹਿਰ ਦੇ ਟਾਕਰੇ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਤਹਿਤ ਮੈਡੀਕਲ ਆਕਸੀਜਨ ਦਾ ਉਤਪਾਦਨ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਜੁਲਾਈ ਦੇ ਅਖੀਰ ਤੱਕ 75 ਹੋਰ ਪ੍ਰੈੱਸ਼ਰ ਸਵਿੰਗ ਐਡਸੌਰਪਸ਼ਨ (ਪੀ.ਐਸ.ਏ.) ਪਲਾਂਟ ਸਥਾਪਤ ਕੀਤੇ ਜਾਣਗੇ।

ਅੱਜ ਇਸ ਸਬੰਧੀ ਐਲਾਨ ਕਰਦਿਆਂ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਨੂੰ ਅਗਲੇ ਮਹੀਨੇ ਦੇ ਅੰਤ ਤੱਕ ਇਹ ਪਲਾਂਟ ਲਗਾਉਣ ਅਤੇ ਇਸ ਜੀਵਨ ਰੱਖਿਅਕ ਗੈਸ ਦਾ ਉੱਚਿਤ ਪ੍ਰੈੱਸ਼ਰ ਤੇ ਸ਼ੁੱਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਨਾਲ ਸੂਬੇ ਦੀਆਂ ਸਿਹਤ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਸਪਲਾਈ ਦੀ ਮੰਗ ਪੂਰੀ ਹੋਵੇਗੀ।

ਪੀ.ਐਸ.ਏ. ਪਲਾਂਟਾਂ ਦੀ ਸਥਾਪਨਾ ਅਤੇ ਇਸ ਨਾਲ ਜੁੜੇ ਕੰਮਾਂ ਦੀ ਸਮੀਖਿਆ ਕਰਨ ਲਈ ਬੁਲਾਈ ਉੱਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਲਾਂਟਾਂ ਦੀ ਸਥਾਪਨਾ ਤੋਂ ਪਹਿਲਾਂ ਦੀਆਂ ਸਾਰੀਆਂ ਗਤੀਵਿਧੀਆਂ ਨੂੰ 15 ਜੁਲਾਈ ਤੱਕ ਮੁਕੰਮਲ ਕੀਤਾ ਜਾਵੇ ਤਾਂ ਜੋ ਪਲਾਂਟਾਂ ਦੀ ਸਥਾਪਨਾ ਅਤੇ ਇਨ੍ਹਾਂ ਨੂੰ ਚਲਾਉਣ ਦਾ ਕੰਮ 25 ਜੁਲਾਈ ਤੱਕ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਨਾਲ ਸਬੰਧਤ ਹੋਰ ਕੰਮਾਂ ਜਿਵੇਂ ਸਾਈਟ ਤਿਆਰ ਕਰਨ, ਜੈਨਰੇਟਰਾਂ ਅਤੇ ਗੈਸ ਪਾਈਪਲਾਈਨ ਨੈੱਟਵਰਕ ਲਈ ਨੋਡਲ ਅਧਿਕਾਰੀ ਨਿਯੁਕਤ ਕਰਨ ਲਈ ਵੀ ਕਿਹਾ।

ਮਹਾਜਨ ਨੇ ਕਿਹਾ ਕਿ ਸੁਚਾਰੂ ਕੰਮਕਾਜ ਅਤੇ ਨਿਯਮਤ ਰੂਪ ਵਿੱਚ ਜਾਣਕਾਰੀ ਉਪਲੱਬਧ ਕਰਵਾਉਣ ਲਈ ਹਰੇਕ ਸਾਈਟ ਵਾਸਤੇ ਡਿਪਟੀ ਕਮਿਸ਼ਨਰ, ਸਾਰੇ ਨੋਡਲ ਅਫ਼ਸਰਾਂ, ਕੰਮ ਕਰਨ ਵਾਲੀ ਏਜੰਸੀ ਅਤੇ ਹਸਪਤਾਲ ਸੁਪਰਡੈਂਟ ਦਾ ਇੱਕ ਵਟਸਐਪ ਗਰੁੱਪ ਬਣਾਇਆ ਜਾਵੇ।

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ, ਜੋ ਸੂਬੇ ਦੇ ਆਕਸੀਜਨ ਪ੍ਰਬੰਧਨ ਗਰੁੱਪ ਦੇ ਮੁਖੀ ਵੀ ਹਨ, ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਪੰਜਾਬ ਕੋਲ ਜਲੰਧਰ ਅਤੇ ਲੁਧਿਆਣਾ ਵੱਚ 1400 ਲਿਟਰ ਪ੍ਰਤੀ ਮਿੰਟ (ਐਲ.ਪੀ.ਐਮ.) ਦੀ ਸਮਰੱਥਾ ਵਾਲੇ ਆਪਣੇ ਦੋ ਪੀ.ਐਸ.ਏ. ਪਲਾਂਟ ਹਨ। ਭਾਰਤ ਸਰਕਾਰ ਦੁਆਰਾ ਮੁੱਖ ਤੌਰ `ਤੇ ਸੂਬੇ ਦੇ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਲਈ 42 ਪਲਾਂਟ ਅਲਾਟ ਕੀਤੇ ਗਏ ਹਨ, ਜਦੋਂ ਕਿ ਵੱਖ-ਵੱਖ ਏਜੰਸੀਆਂ/ ਨਿੱਜੀ ਸੰਸਥਾਵਾਂ ਵੱਲੋਂ ਸੂਬੇ ਲਈ ਹੋਰ 33 ਪਲਾਂਟਾਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰਾਜ ਦੀ ਆਕਸੀਜਨ ਉਤਪਾਦਨ ਸਮਰੱਥਾ ਪ੍ਰਤੀ ਦਿਨ ਤਕਰੀਬਨ 50 ਮੀਟਰਕ ਟਨ ਤੋਂ ਵੱਧ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਕੰਮ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਅਤੇ ਫੋਟੋਆਂ ਅਪਲੋਡ ਕਰਨ ਲਈ ਇੱਕ ਮੋਬਾਈਲ ਐਪ ਲਾਂਚ ਕੀਤੀ ਜਾਏਗੀ ਅਤੇ ਨੋਡਲ ਅਫਸਰਾਂ ਨੂੰ ਇਸ ਵਿੱਚ ਰਜਿਸਟਰ ਕੀਤਾ ਜਾਵੇਗਾ ਅਤੇ ਸਿਖਲਾਈ ਦਿੱਤੀ ਜਾਵੇਗੀ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਪੰਜ ਪੀ.ਐਸ.ਏ. ਪਲਾਂਟ ਪਹਿਲਾਂ ਹੀ ਸਥਾਪਤ ਕੀਤੇ ਜਾ ਚੁੱਕੇ ਹਨ, ਜੋ ਅਜੇ ਪਰੀਖਣ ਪੜਾਅ ਅਧੀਨ ਹਨ ਅਤੇ ਹੋਰ ਪੰਜ ਪਲਾਂਟ ਸਥਾਪਤ ਕਰਨ ਵਾਸਤੇ ਸਾਈਟ ਤਿਆਰ ਕਰ ਲਈ ਗਈ ਹੈ ਅਤੇ ਡੀ.ਆਰ.ਡੀ.ਓ. ਨੂੰ ਇਹ ਪਲਾਂਟ ਬਰਨਾਲਾ, ਹੁਸ਼ਿਆਰਪੁਰ, ਫਿਰੋਜ਼ਪੁਰ, ਕਪੂਰਥਲਾ ਅਤੇ ਤਰਨ ਤਾਰਨ ਵਿੱਚ ਲਗਾਉਣ ਬਾਰੇ ਦੱਸਿਆ ਗਿਆ ਹੈ।

ਐਨ.ਐਚ.ਏ.ਆਈ., ਜੋ ਭਾਰਤ ਸਰਕਾਰ ਦੇ ਪਲਾਂਟਾਂ ਲਈ ਸਾਈਟ ਤਿਆਰ ਕਰਨ ਵਾਸਤੇ ਇੱਕ ਕਾਰਜਕਾਰੀ ਏਜੰਸੀ ਹੈ, ਨੂੰ ਅਲਾਟ ਕੀਤੇ ਗਏ ਕੰਮਾਂ ਨੂੰ 10 ਜੁਲਾਈ ਤੱਕ ਪੂਰਾ ਕਰਨ ਲਈ ਕਿਹਾ ਗਿਆ ਹੈ। ਐਨ.ਐਚ.ਏ.ਆਈ ਦੇ ਆਰ.ਓ. ਸ੍ਰੀ ਆਰ.ਪੀ. ਸਿੰਘ ਨੇ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਦੇ ਪਲਾਂਟਾਂ ਲਈ ਸਾਈਟ ਤਿਆਰ ਕਰਨ ਸਬੰਧੀ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਪੂਰੇ ਕਰ ਲਏ ਜਾਣਗੇ।

ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ-ਕਮ-ਸੀ.ਐਮ.ਡੀ. (ਪੀ.ਐਸ.ਪੀ.ਸੀ.ਐਲ.) ਏ ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸਨ ਲਾਲ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਵਿਭਾਗ ਵਿਕਾਸ ਪ੍ਰਤਾਪ, ਵਧੀਕ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਅਮਿਤ ਤਲਵਾੜ ਅਤੇ ਸਮੂਹ ਡਿਪਟੀ ਕਮਿਸ਼ਨਰ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੰਮੂ ਹਵਾਈ ਅੱਡੇ ਅੰਦਰ ਹੋਏ ਦੋ ਤੇਜ਼ ਧਮਾਕੇ, ਪੂਰਾ ਇਲਾਕਾ ਸੀਲ

ਸ਼ਰਮਸਾਰ ! ਦੋ ਔਰਤਾਂ ਨੇ ਬੇਜ਼ੁਬਾਨ ਨੂੰ ਸਕੂਟਰੀ ਨਾਲ ਬੰਨ੍ਹ ਸੜਕ ‘ਤੇ ਘਸੀਟਿਆ…..