ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀ ਭਰਤੀ ਲਈ ਪੰਜਾਬ ਪੁਲਿਸ ਵੱਲੋਂ ਮੁਫ਼ਤ ਫਿਜ਼ੀਕਲ ਟੈਸਟ ਕੋਚਿੰਗ ਸ਼ੁਰੂ

  • ਪੰਜਾਬ ਪੁਲਿਸ ਵੱਲੋਂ ਪਹਿਲੇ ਦਿਨ ਸਾਰੇ ਜ਼ਿਲਿਆਂ ਵਿੱਚ ਕਰਵਾਈ ਗਈ ਸਪੈਸ਼ਲ ਰਨ ਵਿੱਚ ਹਜ਼ਾਰਾਂ ਉਮੀਦਵਾਰਾਂ ਨੇ ਲਿਆ ਹਿੱਸਾ
  • ਇਸ ਕਦਮ ਦਾ ਉਦੇਸ਼ ਅਗਾਮੀ ਪੁਲਿਸ ਭਰਤੀਆਂ ਵਿੱਚ ਹਿੱਸਾ ਲੈਣ ਲਈ ਸਾਰੇ ਸੰਭਾਵੀ ਉਮੀਦਵਾਰਾਂ ਨੂੰ ਨਿਰਪੱਖ ਅਤੇ ਬਰਾਬਰ ਮੌਕੇ ਪਦਾਨ ਕਰਨਾ: ਡੀ.ਜੀ.ਪੀ. ਦਿਨਕਰ ਗੁਪਤਾ
  • ਚੰਡੀਗੜ੍ਹ, 27 ਜੂਨ 2021 – ਕਾਂਸਟੇਬਲਾਂ, ਹੈੱਡ ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਪੁਲਿਸ ਫੋਰਸ ਵਿਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਸਰੀਰਕ ਜਾਂਚ ਟੈਸਟ (ਪੀ.ਐਸ.ਟੀ.) ਦੇ ਮੁਫਤ ਕੋਚਿੰਗ ਅਤੇ ਸਿਖਲਾਈ ਸੈਸ਼ਨ ਪ੍ਰਦਾਨ ਕਰਨ ਦੀ ਪਹਿਲਕਦਮੀ ਕੀਤੀ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਸਾਰੇ ਸੀ.ਪੀਜ਼ / ਐਸ.ਐਸ.ਪੀਜ਼ ਨੇ ਅੱਜ ਆਪਣੇ ਸਬੰਧਤ ਜ਼ਿਲਿਆਂ ਦੀਆਂ ਪੁਲਿਸ ਲਾਈਨਾਂ ਅਤੇ ਸਿਖਲਾਈ ਕੇਂਦਰਾਂ ਵਿੱਚ ਸਪੈਸ਼ਲ ਰਨ ਅਤੇ ਲੰਬੀ ਛਾਲ ਤੇ ਉੱਚੀ ਛਾਲ ਦੀ ਸਿਖਲਾਈ ਦੇ ਕੇ ਵੱਖ ਵੱਖ ਫਿਜ਼ੀਕਲ ਟਰਾਇਲਾਂ ਲਈ ਮੁਫਤ ਕੋਚਿੰਗ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਸਮੇਤ ਹਜ਼ਾਰਾਂ ਉਮੀਦਵਾਰਾਂ ਨੇ ਮੁਫਤ ਕੋਚਿੰਗ ਲਈ ਆਪਣਾ ਨਾਮ ਦਰਜ ਕਰਵਾਇਆ ਅਤੇ ਪਹਿਲੇ ਦਿਨ ਕਰਵਾਈ ਗਈ ਸਪੈਸ਼ਲ ਰਨ ਵਿੱਚ ਹਿੱਸਾ ਲਿਆ।

ਇਸ ਯੋਜਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 4362 ਕਾਂਸਟੇਬਲਾਂ ਦੀ ਭਰਤੀ ਸਬੰਧੀ ਐਲਾਨ ਕੀਤੇ ਜਾਣ ਤੋਂ ਬਾਅਦ ਉਲੀਕੀ ਗਈ ਹੈ ਜਿਸ ਲਈ ਅਰਜ਼ੀ ਫਾਰਮ ਜੁਲਾਈ, 2021 ਦੇ ਅੱਧ ਤੱਕ ਕੱਢੇ ਜਾਣਗੇ। ਇਸ ਭਰਤੀ ਵਿੱਚ ਪੰਜਾਬ ਪੁਲਿਸ ਦੇ ਜ਼ਿਲਾ ਕਾਡਰ ਵਿੱਚ 2016 ਅਤੇ ਆਰਮਡ ਕਾਡਰ ਵਿੱਚ 2346 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਓ.ਐਮ.ਆਰ. ਅਧਾਰਤ ਐਮ.ਸੀ.ਕਿਊ. ਲਿਖਤੀ ਟੈਸਟ 25-26 ਸਤੰਬਰ, 2021 ਨੂੰ ਹੋਵੇਗਾ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਜਿੱਥੇ ਇਸ ਭਰਤੀ ਲਈ ਤਿਆਰੀ ਵਾਸਤੇ ਜਨਤਕ ਥਾਵਾਂ, ਜਨਤਕ ਪਾਰਕ, ਸਟੇਡੀਅਮ ਅਤੇ ਪੁਲਿਸ ਲਾਈਨ ਦੇ ਗਰਾਊਂਡ ਪਹਿਲਾਂ ਹੀ ਖੋਲ ਦਿੱਤੇ ਗਏ ਹਨ, ਓਥੇ ਹੀ ਪੁਲਿਸ ਵੱਲੋਂ ਕੋਚਾਂ ਅਤੇ ਲੋੜੀਂਦੇ ਖੇਡ ਉਪਕਰਨਾਂ ਜਿਸ ਵਿੱਚ ਉਮੀਦਵਾਰਾਂ ਦੀ ਤਿਆਰੀ ਲਈ ਹਾਈ ਜੰਪ ਸਟੈਂਡ/ਗੱਦੇ ਅਤੇ ਲੰਬੀ ਛਾਲ ਵਾਸਤੇ ਬੁਨਿਆਦੀ ਢਾਂਚਾ ਸ਼ਾਮਲ ਹੈ, ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।

ਉਨਾਂ ਕਿਹਾ ਕਿ ਡਰਿਲ ਇੰਸਟ੍ਰਕਟਰਾਂ ਦੀ ਨਿਗਰਾਨੀ ਹੇਠ ਲੱਗਣ ਵਾਲੀਆਂ ਕੋਚਿੰਗ ਕਲਾਸਾਂ ਦੇ ਸਵੇਰੇ ਅਤੇ ਸ਼ਾਮ, ਦੋ ਸੈਸ਼ਨ ਹੋਣਗੇ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ, “ਇਹ ਮੁਫਤ ਕੋਚਿੰਗ ਸੈਸ਼ਨ ਸ਼ੁਰੂ ਕਰਨ ਦਾ ਉਦੇਸ਼ ਹਰੇਕ ਸੰਭਾਵੀ ਉਮੀਦਵਾਰ ਨੂੰ ਅਗਾਮੀ ਪੁਲਿਸ ਭਰਤੀਆਂ ਵਿਚ ਹਿੱਸਾ ਲੈਣ ਲਈ ਨਿਰਪੱਖ ਅਤੇ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ।” ਉਨਾਂ ਕਿਹਾ ਕਿ ਪੀ.ਐਸ.ਟੀ. ਭਰਤੀ ਪ੍ਰਕਿਰਿਆ ਦਾ ਇਕ ਜ਼ਰੂਰੀ ਹਿੱਸਾ ਹੈ।

ਦੱਸਣਯੋਗ ਹੈ ਕਿ ਪੀ.ਐਸ.ਟੀ. ਵਿੱਚ 1600 ਮੀਟਰ ਦੌੜ, ਉੱਚੀ ਛਾਲ ਅਤੇ ਲੰਬੀ ਛਾਲ ਸਮੇਤ 3 ਫਿਜ਼ੀਕਲ ਟਰਾਇਲ ਈਵੈਂਟ ਸ਼ਾਮਲ ਹਨ। ਹਾਲਾਂਕਿ ਸਰੀਰਕ ਜਾਂਚ ਟੈਸਟ ਦੇ ਮਾਪਦੰਡ ਮਹਿਲਾ ਉਮੀਦਵਾਰਾਂ ਅਤੇ ਸਾਬਕਾ ਸੈਨਿਕਾਂ ਲਈ ਵੱਖਰੇ ਹੋਣਗੇ।

ਡੀ.ਜੀ.ਪੀ. ਨੇ ਕਿਹਾ ਕਿ ਭਰਤੀ ਪ੍ਰਕਿਰਿਆ ਚੱਲਣ ਤੱਕ ਮੁਫ਼ਤ ਕੋਚਿੰਗ ਕਲਾਸਾਂ ਜਾਰੀ ਰਹਿਣਗੀਆਂ ਅਤੇ ਮੁਫਤ ਕੋਚਿੰਗ ਲੈੈਣ ਦਾ ਕੋਈ ਵੀ ਚਾਹਵਾਨ ਉਮੀਦਵਾਰ ਸਬੰਧਤ ਜ਼ਿਲਾ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਇਸ ਮੰਤਵ ਲਈ ਹਰਕੇ ਜ਼ਿਲੇ ਲਈ ਨੋਡਲ ਅਧਿਕਾਰੀ ਨਾਮਜ਼ਦ ਕੀਤੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਵੱਖ-ਵੱਖ ਕਾਡਰਾਂ ਵਿਚ 824 ਸਬ-ਇੰਸਪੈਕਟਰਾਂ, 787 ਹੈੱਡ ਕਾਂਸਟੇਬਲਾਂ, 7788 ਕਾਂਸਟੇਬਲਾਂ ਦੀ ਸਿੱਧੀ ਨਿਯੁਕਤੀ ਲਈ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੌਕੇ ਦੀ ਵਰਤੋਂ ਕਰਦਿਆਂ ਲਿਖਤੀ ਅਤੇ ਸਰੀਰਕ ਜਾਂਚ ਟੈਸਟ ਲਈ ਸਰਗਰਮੀ ਨਾਲ ਤਿਆਰੀਆਂ ਸ਼ੁਰੂ ਕਰਨ। ਉਨਾਂ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਭਰਤੀ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ।

ਇਸ ਦੌਰਾਨ ਕੋਵਿਡ ਮਹਾਂਮਾਰੀ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਜ਼ਿਲਾ ਪੁਲਿਸ ਇਕਾਈਆਂ ਨੂੰ ਸਾਰੀਆਂ ਗਤੀਵਿਧੀਆਂ ਖੁੱਲੇ ਵਿੱਚ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਕੋਵਿਡ-19 ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਨੇ ਕੀਤਾ ਟਵੀਟ, ਪੀ ਐਮ ਮੋਦੀ ਤੇ ਬਾਦਲਾਂ ‘ਤੇ ਕੀਤਾ ਹਮਲਾ

ਡੈਲਟਾ ਪਲੱਸ ਦੇ ਫੈਲਾਅ ਨੂੰ ਰੋਕਣ ਲਈ ਨਿਗਰਾਨੀ ਵਧਾਉਣ ਅਤੇ ਵੱਡੇ ਪੱਧਰ ’ਤੇ ਸੰਪਰਕ ਟਰੇਸਿੰਗ ਤੇ ਟੈਸਟਿੰਗ ਦੇ ਆਦੇਸ਼