- ਕਸ਼ਮੀਰ ਵਿੱਚ ਸਿੱਖ ਲੜਕੀ ਨੁੰ ਅਗਵਾ ਕਰ, ਧਰਮ ਪਰਿਵਰਤਨ ਕਰ ਮੁਸਲਿਮ ਆਦਮੀ ਨਾਲ ਨਿਕਾਹ ਕਰਨ ਦਾ ਮਾਮਲਾ
- ਮਨਜਿੰਦਰ ਸਿੰਘ ਸਿਰਸਾ ਵੱਲੋਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਨੂੰ ਨਾਲ ਮੁਲਾਕਾਤ
- ਰਾਜਪਾਲ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਤੇ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਯਕੀਨੀ ਬਣਾਉਣ ਦਾ ਭਰੋਸਾ ਦੁਆਇਆ
- ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਕਬਜ਼ੇ ਦੇ ਮਾਮਲੇ ਵਿੱਚ ਵੀ ਕਾਰਵਾਈ ਦੀ ਹਦਾਇਤ
ਨਵੀਂ ਦਿੱਲੀ, 27 ਜੂਨ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦੋ ਸਿੱਖ ਲੜਕੀਆਂ ਨੂੰ ਅਗਵਾ ਕਰ, ਜਬਰੀ ਧਰਮ ਪਰਿਵਰਤਨ ਕਰ ਬੁੱਢੇ ਮੁਸਲਮਾਨਾਂ ਨਾਲ ਵਿਆਹੁਣ ਦੇ ਮਾਮਲੇ ਵਿਚ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰ ਕੇ ਇਹ ਮਾਮਲਾ ਉਹਨਾਂ ਕੋਲ ਚੁੱਕਿਆ।
ਸ੍ਰੀ ਸਿਰਸਾ ਨੇ ਸਾਰੇ ਮਾਮਲੇ ਦੀ ਉਪ ਰਾਜਪਾਲ ਨੁੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਕਿਵੇਂ ਇਥੇ ਦੀ ਬਹੁ ਗਿਣਤੀ ਵੱਲੋਂ ਘੱਟ ਗਿਣਤੀ ਸਿੱਖਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਥੋੜੇ ਹੀ ਦਿਨਾਂ ਅੰਦਰ ਦੋ ਲੜਕੀਆਂ ਅਗਵਾ ਕਰ , ਜਬਰੀ ਧਰਮ ਪਰਿਵਰਤਨ ਕਰ ਕੇ 45 ਤੋਂ 60 ਸਾਲ ਉਮਰ ਤੱਕ ਦੇ ਮੁਸਲਿਮ ਬੁੱਢਿਆਂ ਨਾਲ ਨਿਕਾਹ ਕੀਤਾ ਗਿਆ ਹੈ।
ਸਿਰਸਾ ਨੇ ਦੱਸਿਆ ਕਿ ਉਪ ਰਾਜਪਾਲ ਨੇ ਉਹਨਾਂ ਦੀ ਗੱਲ ਧਿਆਨ ਨਾਲ ਸੁਣੀ ਤੇ ਉਹਨਾਂ ਨੁੰ ਭਰੋਸਾ ਦੁਆਇਆ ਕਿ ਸਿੱਖ ਬੱਚੀਆਂ ਨਾਲ ਇਸ ਤਰੀਕੇ ਜ਼ਬਰ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਅਗਵਾ ਹੋਈ ਲੜਕੀ ਨੂੰ ਮਾਪਿਆਂ ਹਵਾਲੇ ਕਰਨ ਲਈ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਪੁਲਿਸ ਨੁੰ ਦਿੱਤੀ। ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ ਤੇ ਹੀ ਉਪ ਰਾਜਪਾਲ ਨੇ ਸੱਦੇ ਹੋਏ ਸਨ।
ਸਿਰਸਾ ਨੇ ਦੱਸਿਆ ਕਿ ਉਪ ਰਾਜਪਾਲ ਨੇ ਕਿਹਾ ਕਿ ਸੰਵਿਧਾਨ ਅਨੁਸਾਰ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਾਡਾ ਫਰਜ਼ ਹੈ ਤੇ ਅਸੀਂ ਕਿਸੇ ਵੀ ਸੂਰਤ ਅੰਦਰ ਇਸ ਤਰੀਕੇ ਦਾ ਕੰਮ ਨਹੀਂ ਹੋਣ ਦਿਆਂਗੇ।
ਉਹਨਾਂ ਦੱਸਿਆ ਕਿ ਵਫਦ ਨੇ ਉਪ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਇਥੇ ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਪੁਲਿਸ ਨੁੰ ਸਖ਼ਤ ਹਦਾਇਤਾਂ ਕੀਤੀਆਂ ਕਿ ਅਜਿਹਾ ਕਬਜ਼ਾ ਨਾ ਹੋਣ ਦਿੱਤਾ ਜਾਵੇ ਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।
ਵਫਦ ਨੇ ਇਹ ਵੀ ਮੰਗ ਕੀਤੀ ਕਿ ਸੂਬੇ ਵਿਚ ਘੱਟ ਗਿਣਤੀ ਕਮਿਸ਼ਨ ਦਾ ਗਠਨ ਕੀਤਾ ਜਾਵੇ, ਜਿਸ ਲਈ ਉਹਨਾਂ ਤੁਰੰਤ ਪ੍ਰਵਾਨਗੀ ਦਿੱਤੀ ਤੇ ਦੱਸਿਆ ਕਿ ਉਹ ਇਸ ਸਬੰਧੀ ਫਾਈਲ ਜਲਦੀ ਤੋਂ ਜਲਦੀ ਤਿਆਰ ਕਰ ਕੇ ਪੇਸ਼ ਕਰਨਗੇ। ਵਫਦ ਦੀ ਮੰਗ ‘ਤੇ ਉਹਨਾਂ ਇਹ ਵੀ ਕਿਹਾ ਕਿ ਸਥਾਨਕ ਨੌਕਰੀਆਂ ਵਿਚ ਸਿੱਖਾਂ ਨਾਲ ਕੋਈ ਭੇਦਭਾਵ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਸ੍ਰੀ ਸਿਰਸਾ ਨੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭੇਜੀ ਚਿੱਠੀ ਵੀ ਉਪ ਰਾਜਪਾਲ ਨੂੰ ਸੌਂਪੀ ਜਿਸ ਵਿਚ ਸਿੱਖ ਬੱਚੀਆਂ ਨੁੰ ਅਗਵਾ ਕਰਨ ਦਾ ਮਾਮਲਾ ਚੁੱਕਿਆ ਗਿਆ ਸੀ। ਇਸ ਚਿੱਠੀ ਨੁੰ ਪੜਨ ਉਪਰੰਤ ਉਪ ਰਾਜਪਾਲ ਨੇ ਸ੍ਰੀ ਸਿਰਸਾ ਨੁੰ ਕਿਹਾ ਕਿ ਉਹ ਜਥੇਦਾਰ ਸਾਹਿਬ ਨੁੰ ਇਹ ਦੱਸ ਦੇਣ ਕਿ ਅਸੀਂ ਸਿੱਖ ਬੱਚੀਆਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ। ਜੋ ਕੋਈ ਵੀ ਅ ਜਿਹੀ ਹਰਕਤ ਸਿੱਖ ਬੱਚੀਆਂ ਨਾਲ ਕਰੇਗਾ, ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਸਿੱਖਾਂ ਦੀ ਰਾਖੀ ਸਾਡਾ ਫਰਜ਼ ਹੈ ਤੇ ਅਸੀਂ ਇਸ ‘ਤੇ ਪੂਰਾ ਪਹਿਰਾ ਦਿਆਂਗੇ।
ਵਫਦ ਵੱਲੋਂ ਯੂ ਪੀ ਤੇ ਮੱਧ ਪ੍ਰਦੇਸ਼ ਵਾਂਗ ਅੰਤਰ ਧਾਰਿਮਕ ਵਿਆਹਾਂ ਲਈ ਕਾਨੂੰਨ ਜਿਸ ਤਹਿਤ ਮਾਪਿਆਂ ਦੀ ਮਨਜ਼ੂਰੀ ਲਾਜ਼ਮੀ ਹੈ, ਜੰਮੂ ਕਸ਼ਮੀਰ ਵਿਚ ਲਾਗੂ ਕਰਨ ਬਾਰੇ ਉਪ ਰਾਜਪਾਲ ਨੇ ਕਿਹਾ ਕਿ ਉਹ ਮਾਮਲੇ ਦੀ ਘੋਖ ਕਰਵਾਉਣਗੇ।
ਮੁਲਾਕਾਤ ਮਗਰੋਂ ਸ੍ਰੀ ਸਿਰਸਾ ਨੇ ਦੱਸਿਆ ਕਿ 18 ਸਾਲ ਉਮਰ ਦੀਆਂ ਦੋ ਲੜਕੀਆਂ ਅਗਵਾ ਕੀਤੀਆਂ ਗਈਆਂ ਸਨ, ਜਿਸ ਵਿਚੋਂ ਇਕ ਵਾਪਸ ਆ ਗਈ ਹੈ ਜਦਕਿ ਦੂਜੀ ਨਹੀਂਆਈ। ਉਪ ਰਾਜਪਾਲ ਨੇ ਇਸ ਮਾਮਲੇ ਵਿਚ ਤੁਰੰਤ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਹਦਾਇਤ ਕੀਤੀ ਹੈ।
ਉਪ ਰਾਜਪਾਲ ਨੁੰ ਮਿਲਣ ਵਾਲੇ ਵਫਦ ਵਿਚ ਸਥਾਨਕ ਕਸ਼ਮੀਰੀ ਸਿੱਖ ਆਗੂ ਵੀ ਸ਼ਾਮਲ ਸਨ।
ਇਸ ਤੋਂ ਪਹਿਲਾਂ ਸ੍ਰੀ ਸਿਰਸਾ ਅੱਜ ਸਵੇਰੇ ਜਸਬੀਰ ਸਿੰਘ ਕਰਮਸਰ, ਗੁਰਮੀਤ ਸਿੰਘ ਭਾਟੀਆ ਤੇ ਰਮਿੰਦਰ ਸਿੰਘ ਸਵੀਟਾ ਦੇ ਨਾਲ ਸ੍ਰੀਨਗਰ ਪੁੱਜੇ ਜਿਥੇ ਸਥਾਨਕ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ ।