- ਸ਼ਾਹ ਵੱਲੋਂ ਸਿੱਖ ਲੜਕੀਆਂ ਨਾਲ ਕੋਈ ਧੱਕੇਸ਼ਾਹੀ ਨਾ ਹੋਣ ਦੇਣ ਦਾ ਭਰੋਸਾ
- ਜੰਮੂ ਕਸ਼ਮੀਰ ਤੋਂ ਸਿੱਖ ਵਫਦ ਨੁੰ ਮਿਲਣ ਦਾ ਦਿੱਤਾ ਸਮਾਂ
- ਡੀ ਜੀ ਪੀ ਨਾਲ ਵੀ ਕੀਤੀ ਮੁਲਾਕਾਤ
ਨਵੀਂ ਦਿੱਲੀ, 29 ਜੂਨ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਕੋਲ ਕਸ਼ਮੀਰ ਦੀਆਂ ਸਿੱਖ ਕੁੜੀਆਂ ਅਗਵਾ ਕਰੇ, ਧਰਮ ਪਰਿਵਰਤਨ ਕਰ ਕੇ ਉਹਨਾਂ ਦਾ ਜਬਰੀ ਨਿਕਾਹ ਕਰਨ ਦਾ ਮਾਮਲਾ ਚੁੱਕਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਫੋਨ ‘ਤੇ ਹੋਈ ਗੱਲਬਾਤ ਦੌਰਾਨ ਸ੍ਰੀ ਸ਼ਾਹ ਨੁੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਕਿ ਕਿਵੇਂ ਕਸ਼ਮੀਰ ਦੀ ਬਹੁ ਗਿਣਤੀ ਵੱਲੋਂ ਘੱਟ ਗਿਣਤੀ ਸਿੱਖਾਂ ਦੀਆਂ ਲੜਕੀਆਂ ਅਗਵਾ ਕਰ ਕੇ, ਧਰਮ ਪਰਿਵਰਤਨ ਕਰ ਕੇ ਉਹਨਾਂ ਦਾ ਨਿਕਾਹ 45 ਤੋਂ 60 ਸਾਲ ਦੇ ਬੁੱਢਿਆਂ ਨਾਲ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਸ੍ਰੀ ਸ਼ਾਹ ਨੇ ਭਰੋਸਾ ਦੁਆਇਆ ਕਿ ਉਹ ਸਾਰੇ ਹਾਲਾਤ ਦੀ ਆਪ ਨਿਗਰਾਨੀ ਰੱਖ ਰਹੇ ਹਨ। ਉਹਨਾਂ ਨੇ ਕੰਲ ਹੀ ਸੂਬੇ ਦੇ ਉਪ ਰਾਜਪਾਲ ਤੋਂ ਕੇਸਾਂ ਦੇ ਵੇਰਵੇ ਪ੍ਰਾਪਤ ਕਰ ਲਏ ਸਨ। ਉਹਨਾਂ ਨੇ ਭਰੋਸਾ ਦੁਆਇਆ ਕਿ ਵਾਦੀ ਵਿਚ ਸਿੱਖ ਲੜਕੀਆਂ ਛੇਤੀ ਹੀ ਪਰਿਵਾਰਾਂ ਕੋਲ ਪਰਤ ਆਉਣਗੀਆਂ।
ਸਿਰਸਾ ਨੇ ਇਹ ਵੀ ਦੱਸਿਆ ਕਿ ਗ੍ਰਹਿ ਮੰਤਰੀ ਨੇ ਜੰਮੂ ਕਸ਼ਮੀਰ ਤੋਂ ਸਿੱਖਾਂ ਦੇ ਵਫਦ ਨੂੰ ਜ਼ਮੀਨੀ ਹਾਲਾਤ ਦੀ ਜਾਣਕਾੀਰ ਦੇਣ ਵਾਸਤੇ ਜਲਦੀ ਹੀ ਮੀਟਿੰਗ ਵਾ ਸਤੇ ਸੱਦਿਆ ਹੈ। ਇਸ ਮੀਟਿੰਗ ਵਿਚ ਘੱਟ ਗਿਣਤੀਆਂ ਨੁੰ ਦਰਪੇਸ਼ ਮੁਸ਼ਕਿਲਾਂ ਵਿਚਾਰੀਆਂ ਜਾਣਗੀਆਂ ਤੇ ਹੋਰ ਮਾਮਲਿਆਂ ‘ਤੇ ਚਰਚਾ ਕੀਤੀ ਜਾਵੇਗੀ।
ਇਸ ਦੌਰਾਨ ਸ੍ਰੀ ਸਿਰਸਾ ਦੀ ਅਗਵਾਈ ਹੇਠ ਵਫਤ ਵੱਲੋਂ ਸੂਬੇ ਦੇ ਡੀ ਜੀ ਪੀ ਦਿਲਬਾਗ ਸਿੰਘ ਨੂੰ ਮਿਲ ਕੇ ਉਹਨਾਂ ਨੁੰ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ ਗਈ। ਮੀਟਿੰਗ ਮਗਰੋਂ ਸ੍ਰੀ ਸਿਰਸਾ ਨੇ ਦੱਸਿਆ ਕਿ ਡੀ ਜੀ ਪੀ ਨੇ ਵੀ ਸਾਨੁੰ ਭਰੋਸਾ ਦੁਆਇਆ ਹੈ ਕਿ ਸਿੱਖ ਬੱਚੀਆਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਸਿੱਖਾਂ ਨੁੰ ਇਨਸਾਫ ਦੇਣ ਦੀ ਗਰੰਟੀ ਦੀ ਗੱਲ ਉਹਨਾਂ ਕੀਤੀ ਹੈ।
ਸਿਰਸਾ ਨੇ ਕਸ਼ਮੀਰ ਦੇ ਸਿਆਸੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਦੋ ਸਿੱਖ ਕੁੜੀਆਂ ਅਗਵਾ ਕਰਨ ਦੇ ਮਾਮਲੇ ‘ਤੇ ਆਪਣੀ ਚੁੱਪੀ ਤੋੜਨ ਅਤੇ ਕਿਹਾ ਕਿ ਬਹੁ ਗਿਣਤੀ ਕੌਮ ਦੇ ਆਗੂ ਜਦੋਂ ਮਾਮਲੇ ‘ਤੇ ਬੋਲਣਗੇ ਤਾਂ ਇਸ ਨਾਲ ਇਨਸਾਫ ਲੈਣ ਦਾ ਰਾਹ ਸੌਖਾ ਹੋ ਜਾਵੇਗਾ। ਉਹਨਾਂ ਤ੍ਰਾਲ ਦੀ ਉਦਾਹਰਣ ਵੀ ਦਿੱਤੀ ਜਿਥੇ ਇਕ ਬੱਚੀ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਸੀ ਤਾਂ ਉਥੇ ਦੇ ਬਹੁ ਗਿਣਤੀ ਕੌਮ ਦੇ ਆਗੂਆਂ ਨੇ ਸਾਰਾ ਮਾਮਲਾ ਆਪਣੇ ਹੱਥ ਵਿਚ ਲੈ ਕੇ ਬੱਚੀ ਲਈ ਇਨਸਾਫ ਦਾ ਵਚਨ ਦਿੱਤਾ ਸੀ।
ਸਿਰਸਾ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਚੀਫ ਜਸਟਿਸ ਕੋਲੋਂ ਵੀ ਮਿਲਣ ਲਈ ਸਮਾਂ ਮੰਗਿਆ ਹੈ ਜਿਸ ਵਿਚ ਅਦਾਲਤ ਵਿਚ ਜੋ ਕੁਝ ਵੀ ਵਾਪਰਿਆ, ਉਸਦੀ ਜਾਣਕਾਰੀ ਚੀਫ ਜਸਟਿਸ ਨੂੰ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਜਦੋਂ ਤੱਕ ਦੂਜੀ ਧੀ ਘਰ ਨਹੀਂ ਪਰਤਦੀ ਅਤੇ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਟਿਕ ਕੇ ਨਹੀਂ ਬੈਠਾਂਗੇ।