ਕੈਲੀਫੋਰਨੀਆ, 30 ਜੂਨ 2021 – ਬੀਤੇ ਦਿਨੀਂ ਅਮਰੀਕਾ ਦੇ ਸੂਬੇ ਮੌਨਟਾਨਾ ਵਿਖੇ ਵਾਪਰੇ ਇਕ ਭਿਆਨਕ ਟਰੱਕ/ਟਰੇਨ ਹਾਦਸੇ ਵਿਚ 2 ਪੰਜਾਬੀ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੋਵੇਂ ਪੰਜਾਬੀ ਨੌਜਵਾਨ ਲੰਘੇ ਐਂਤਵਾਰ ਰਾਤੀਂ 9.30 ਵਜੇ ਦੇ ਕਰੀਬ ਟਰੱਕ ਤੇ ਮਨਟਾਨਾ ਸਟੇਟ ਵਿੱਚੋਂ ਗੁਜ਼ਰ ਰਹੇ ਸਨ ਕਿ ਫਰੀਵੇਅ 90 ਦੇ 350 ਮੀਲ ਮਾਰਕਰ ਲਾਗੇ, ਫਰੀਵੇਅ ਦੇ ਇੱਗਜ਼ਟ ਤੇ ਰੇਲ ਲਾਈਨ ਉੱਪਰ ਬਣੇ ਸਟਾਪ ਸ਼ਾਈਨ ਨੂੰ ਮਿੱਸ ਕਰਨ ਕਰਕੇ ਦੂਸਰੇ ਪਾਸਿਓਂ ਆ ਰਹੀ ਮਾਲ ਗੱਡੀ ਨਾਲ ਜਾ ਟਕਰਾਏ, ਜਿਸ ਕਾਰਨ ਟਰੱਕ ਨੂੰ ਅੱਗ ਲੱਗ ਗਈ ‘ਤੇ ਦੋਵੇਂ ਪੰਜਾਬੀ ਮੁੰਡੇ ਥਾਂ ਤੇ ਹੀ ਦਮ ਤੋੜ ਗਏ।
ਮਰਨ ਵਾਲੇ ਇਕ ਨੌਜਵਾਨ ਡਰਾਈਵਰ ਦੀ ਪਛਾਣ ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਨਾਲ ਪਿਛੋਕੜ ਰੱਖਣ ਵਾਲੇ ਤਰਨਪ੍ਰੀਤ ਸਿੰਘ ਥਾਂਦੀ ਦੇ ਵਜੋਂ ਹੋਈ ਹੈ। ਤਰਨਪ੍ਰੀਤ ਦੇ ਪਿਤਾ ਜਿਕੀ ਸਿੰਘ ਥਾਂਦੀ ਦਾ ਵੀ ਦੇਹਾਂਤ ਹੋ ਚੁੱਕਿਆ, ਉਹ ਆਪਣੇ ਪਿੱਛੇ ਵਿਧਵਾ ਮਾਤਾ ਅਤੇ ਇੱਕ ਭਰਾ ਛੱਡ ਗਿਆ ਹੈ। ਤਰਨਪ੍ਰੀਤ ਦੀ ਉਮਰ ਮਹਿਜ਼ 24 ਸਾਲ ਸੀ।
ਦੂਸਰੇ ਮ੍ਰਿਤਕ ਪੰਜਾਬੀ ਬਾਰੇ ਇਹੀ ਪਤਾ ਚੱਲਿਆ ਕਿ ਉਹ ਟਰੱਕ ਡਰਾਈਵਰ ਨਹੀਂ ਸੀ ‘ਤੇ ਹਾਲੇ ਕੁਝ ਕੁ ਮਹੀਨੇ ਪਹਿਲਾਂ ਇੰਡੀਆ ਤੋਂ ਛੁੱਟੀਆਂ ਕੱਟਕੇ ਮੁੜਿਆ ਸੀ ਅਤੇ ਵੈਸੇ ਹੀ ਤਰਨਪ੍ਰੀਤ ਨਾਲ ਗੇੜੇ ਤੇ ਚਲਿਆ ਗਿਆ। ਉਸਦਾ ਸਬੰਧ ਵੀ ਬੰਗੇ ਦੇ ਨੇੜਲੇ ਇਲਾਕੇ ਨਾਲ ਦੱਸਿਆ ਜਾ ਰਿਹਾ ਹੈ।