ਆਧੁਨਿਕ ਤਕਨਾਲੋਜੀ ਰਾਹੀਂ ਅਵਾਰਾ ਪਸ਼ੂਆਂ ਦੀ ਸਮੱਸਿਆ ਸੁਲਝਾਏਗੀ ਪੰਜਾਬ ਸਰਕਾਰ

  • ਮੁੱਖ ਸਕੱਤਰ ਵੱਲੋਂ ਅਵਾਰਾ ਪਸ਼ੂਆਂ ਨੂੰ ਫੜਨ ਲਈ ਈ-ਪੋਰਟਲ ਤਿਆਰ ਕਰਨ ਦਾ ਆਦੇਸ਼
  • ਸਰਕਾਰੀ ਕੈਟਲ ਪਾਊਂਡਜ਼ ਦੀ ਸਮਰੱਥਾ ਵਧਾਉਣ ਲਈ ਹੋਰ ਸ਼ੈੱਡ ਬਣਾਉਣ ਲਈ ਵੀ ਕਿਹਾ

ਚੰਡੀਗੜ੍ਹ, 30 ਜੂਨ 2021 – ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਹੁਣ ਲੋਕਾਂ ਦੀਆਂ ਉਂਗਲਾਂ ‘ਤੇ ਹੋਵੇਗਾ। ਇਸ ਲਈ ਸਿਰਫ ਬੇਸਹਾਰਾ ਪਸ਼ੂ ਦੀ ਤਸਵੀਰ ਈ-ਪੋਰਟਲ ‘ਤੇ ਅਪਲੋਡ ਕਰਨੀ ਪਵੇਗੀ ਅਤੇ ਇਸ ਬਾਅਦ ਸਬੰਧਤ ਇਨਫੋਰਸਮੈਂਟ ਅਮਲਾ ਅਜਿਹੇ ਪਸ਼ੂਆਂ ਨੂੰ ਸੂਬੇ ਵਿੱਚ ਬਣਾਏ ਗਏ ਕੈਂਟਲ ਪਾਊਂਡਜ਼ ਵਿੱਚ ਪਹੁੰਚਾਏਗਾ।

ਇਹ ਸਹੂਲਤ 24 ਘੰਟੇ ਉਪਲੱਬਧ ਹੋਵੇਗੀ, ਜੋ ਆਪਣੀ ਕਿਸਮ ਦਾ ਨਿਵੇਕਲਾ ਉਪਰਾਲਾ ਹੈ, ਜਿਸ ਦਾ ਮਕਸਦ ਅਵਾਰਾ ਪਸ਼ੂਆਂ ਦੇ ਵੱਧ ਰਹੇ ਖ਼ਤਰੇ ਨੂੰ ਠੱਲ੍ਹ ਪਾਉਣਾ ਹੈ।

ਸੂਬੇ ਵਿੱਚ ਬਣਾਏ ਗਏ ਕੈਂਟਲ ਪਾਊਂਡਜ਼ ਦੀ ਸਮਰੱਥਾ ਅਤੇ ਸ਼ੈੱਡਾਂ ਦੀ ਗਿਣਤੀ ਵਧਾਈ ਜਾਵੇਗੀ ਤਾਂ ਜੋ ਜਨਤਕ ਥਾਵਾਂ ਅਤੇ ਸੜਕਾਂ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕੀਤਾ ਜਾ ਸਕੇ।
ਸੂਬੇ ਵਿੱਚੋਂ ਅਵਾਰਾ ਪਸ਼ੂਆਂ ਦੇ ਖ਼ਤਰੇ ਨੂੰ ਦੂਰ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਸਬੰਧੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ।

ਮੁੱਖ ਸਕੱਤਰ ਵੱਲੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਈ-ਪੋਰਟਲ ਤਿਆਰ ਕਰਨ ਦਾ ਆਦੇਸ਼ ਦਿੱਤਾ, ਜਿਸ ‘ਤੇ ਅਵਾਰਾ ਪਸ਼ੂਆਂ ਦੀ ਤਸਵੀਰ (ਜੀਓ-ਟੈਗਿੰਗ) ਅਪਲੋਡ ਕਰਨ ਦੀ ਸਹੂਲਤ 24 ਘੰਟੇ ਉਪਲਬਧ ਹੋਵੇਗੀ। ਇਹ ਤਸਵੀਰ ਹੈੱਡਕੁਆਰਟਰ ‘ਤੇ ਪਹੁੰਚ ਜਾਵੇਗੀ, ਜਿੱਥੋਂ ਇਹ ਤਸਵੀਰ ਆਪਣੇ ਆਪ ਅਵਾਰਾ ਪਸ਼ੂਆਂ ਨੂੰ ਫੜ ਕੇ ਲਿਜਾਣ ਵਾਲੇ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਜਾਵੇਗੀ।

ਅਵਾਰਾ ਪਸ਼ੂ ਸਬੰਧੀ ਜਾਣਕਾਰੀ ਮਿਲਣ ‘ਤੇ, ਇਨ੍ਹਾਂ ਨੂੰ ਫੜਨ ਵਾਲੀ ਟੀਮ ਸਾਰੇ ਲੋੜੀਂਦੇ ਸਾਜੋ-ਸਾਮਾਨ ਨਾਲ ਸਬੰਧਤ ਖੇਤਰ ਵਿੱਚ ਜਾਵੇਗੀ ਅਤੇ ਉਸ ਪਸ਼ੂ ਨੂੰ ਨੇੜਲੇ ਕੈਟਲ ਪਾਊਂਡਜ਼ ਵਿੱਚ ਲੈ ਕੇ ਜਾਵੇਗੀ ਅਤੇ ਪਸ਼ੂ ਨੂੰ ਲਿਆਉਣ ਸਬੰਧੀ ਜਾਣਕਾਰੀ ਉਸ ਕੈਂਟਲ ਪਾਊਂਡਜ਼ ਨੂੰ ਚਲਾ ਰਹੇ ਸਰਕਾਰੀ ਜਾਂ ਨਿੱਜੀ ਸੰਸਥਾ ਦੇ ਅਮਲੇ ਨਾਲ ਪਹਿਲਾਂ ਹੀ ਸਾਂਝੀ ਕੀਤੀ ਜਾਵੇਗੀ। ਫੜੇ ਗਏ ਇਸ ਅਵਾਰਾ ਪਸ਼ੂ ਦੀ ਪਸ਼ੂਆਂ ਦੇ ਸਥਾਨਕ ਡਾਕਟਰ ਵੱਲੋਂ ਦੇਖਭਾਲ ਕੀਤੀ ਜਾਵੇਗੀ ਅਤੇ ਪਸ਼ੂ ਦੇ ਢੁਕਵੇਂ ਮੁੜਵਸੇਬੇ ਨੂੰ ਯਕੀਨੀ ਬਣਾਉਣ ਲਈ ਸਬੰਧਤ ਕੈਂਟਲ ਪਾਊਂਡਜ਼ ਵਿੱਚ ਲੋੜੀਂਦਾ ਪ੍ਰਬੰਧ ਕੀਤਾ ਜਾਵੇਗਾ। ਸਬੰਧਤ ਅਧਿਕਾਰੀ ਹਰ ਤਸਵੀਰ ‘ਤੇ ਕਾਰਵਾਈ ਕਰਨ ਉਪਰੰਤ ਕਾਰਵਾਈ ਰਿਪੋਰਟ ਦੀ ਜਾਣਕਾਰੀ ਮੁੱਖ ਦਫ਼ਤਰ ਨੂੰ ਦੇਣ ਲਈ ਜ਼ਿੰਮੇਵਾਰ ਹੋਣਗੇ।

ਮੁੱਖ ਸਕੱਤਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸੂਬੇ ਦੇ ਸਾਰੇ 20 ਸਰਕਾਰੀ ਕੈਂਟਲ ਪਾਊਂਡਜ਼ ਵਿੱਚ ਹੋਰ ਸ਼ੈੱਡ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ।
ਇਸ ਤੋਂ ਇਲਾਵਾ, ਉਨ੍ਹਾਂ ਨੇ ਪੇਂਡੂ ਵਿਕਾਸ ਵਿਭਾਗ ਨੂੰ ਸੂਬੇ ਵਿਚ ਬਲਾਕ ਪੱਧਰ ‘ਤੇ 5 ਏਕੜ ਰਕਬੇ ਵਿੱਚ ਛੋਟੇ ਕੈਟਲ ਪਾਊਂਡਜ਼ ਖੋਲ੍ਹਣ ਸਬੰਧੀ ਯੋਜਨਾ ‘ਤੇ ਕੰਮ ਕਰਨ ਲਈ ਵੀ ਕਿਹਾ।

ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 10,024 ਪਸ਼ੂ 20 ਸਰਕਾਰੀ ਕੈਟਲ ਪਾਊਂਡਜ਼ ਵਿੱਚ ਰੱਖੇ ਗਏ ਹਨ, ਜਿਨ੍ਹਾਂ ਵਿੱਚ ਇਸ ਸਮੇਂ ਪਸ਼ੂਆਂ ਲਈ 77 ਸ਼ੈੱਡ ਹਨ।
ਇਸ ਮੀਟਿੰਗ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੀਮਾ ਜੈਨ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦੇਹਾਂਤ

ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਕ੍ਰਾਈਮ ਬਰਾਂਚ ਨੇ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤਾ