ਜੱਟ ਅਤੇ ਵੱਟ ਦੇ ਰੌਲੇ ਉੱਤ ਕਈ ਫ਼ਿਲਮਾਂ ਬਣੀਆਂ ਅਤੇ ਕਈ ਵੀਡੀਓ ਵੀ ਦੇਖਣ ਨੂੰ ਮਿਲੀਆਂ ਜਿੰਨਾ ਵਿੱਚ ਪਰਿਵਾਰ ਤਬਾਹ ਹੋ ਗਏ। ਅਜਿਹਾ ਹੀ ਇੱਕ ਮੰਦਭਾਗਾ ਹਾਦਸਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਪਿੰਡ ਬੱਲੜਵਾਲ ਵਿੱਚ ਵਾਪਰਿਆ। ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿੱਚ ਖੂਨੀ ਝੜਪ ਹੋ ਗਈ। ਇੱਕ ਧਿਰ ਵੱਲੋਂ ਦੁੱਜੀ ਧਿਰ ਉਪਰ ਸਿੱਧੀ ਫਾਇਰਿੰਗ ਕਰ ਦਿੱਤੀ ਗਈ। ਇਸ ਫਾਇਰਿੰਗ ਵਿਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਜ਼ਖਮੀਆਂ ਦਾ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਪਿੰਡ ਬੱਲੜਵਾਲ ਦੇ ਪੀੜਤ ਵਿਅਕਤੀ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਉਨ੍ਹਾਂ ਦਾ ਪੈਲੀ ਦੀ ਵੱਟ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ। ਸਵੇਰੇ 6 ਵਜੇ ਦੋਵਾਂ ਗੁੱਟਾਂ ਦਾ ਆਪਸੀ ਝਗੜਾ ਵੱਧ ਹੋ ਗਿਆ, ਜਿਸ ਦੌਰਾਨ ਉਹਨਾਂ ਉਪਰ ਸਿੱਧੀ ਫਾਇਰਿੰਗ ਕਰ ਦਿੱਤੀ ਗਈ। ਇਸ ਫਾਇਰਿੰਗ ਵਿਚ ਉਹਨਾਂ ਦੇ ਇਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ।
ਜਸਪਾਲ ਸਿੰਘ ਨੇ ਦੱਸਿਆ ਕਿ ਇਸ ਲੜਾਈ ਵਿੱਚ ਉਸਦੇ ਪਿਤਾ ਮੰਗਲ ਸਿੰਘ, ਵੱਡਾ ਭਰਾ ਸੁਖਵਿੰਦਰ ਸਿੰਘ, ਛੋਟਾ ਭਰਾ ਜਸਬੀਰ ਸਿੰਘ ਅਤੇ ਉਸਦੇ ਪੁੱਤਰ ਬਬਨਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋ ਵਿਅਕਤੀ ਹਲੇ ਵੀ ਗੰਭੀਰ ਜ਼ਖ਼ਮੀ ਹਨ ਜਿਨ੍ਹਾਂ ਦਾ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਸੰਬੰਧੀ ਬਟਾਲਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਦੋ ਮ੍ਰਿਤਕ ਦੇਹਾਂ ਪਹੁੰਚੀਆਂ ਹਨ ਜਿਨ੍ਹਾਂ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ।
ਦੋ ਵਿਅਕਤੀ ਜ਼ਖਮੀ ਹਨ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਹਨ, ਫਿਲਹਾਲ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਪੁਲਸ ਨੇ ਕਿਹਾ ਕਿ ਦੋਵਾਂ ਗੁੱਟਾਂ ਵਿੱਚ ਖੂਨੀ ਝੜਪ ਹੋਈ ਹੈ। ਫਿਲਹਾਲ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪਰ ਜਿਸ ਘਰ ਦੇ 4 ਲੋਕਾਂ ਦੀ ਮੌਤ ਹੋ ਗਈ, 3 ਪੀੜ੍ਹੀਆਂ ਉਜੜ ਗਈਆਂ ਓਹਨਾ ਨੂੰ ਇਨਸਾਫ਼ ਕਦੋਂ ਤੱਕ ਮਿਲਦਾ ਹੈ ਇਹ ਦੇਖਣਾ ਹੋਵੇਗਾ।