85 ਫੌਜੀਆਂ ਨੂੰ ਲਿਜਾ ਰਿਹਾ ਹਵਾਈ ਫੌਜ ਦਾ C-130 ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ 85 ਫੌਜੀਆਂ ਸਮੇਤ ਕੁੱਲ 93 ਲੋਕ ਸ਼ਾਮਲ ਸਨ, ਜਿੰਨਾ ਵਿੱਚ 3 ਪਾਇਲਟ ਅਤੇ 5 ਕ੍ਰਿਊ ਮੈਂਬਰ ਸਨ। ਭਾਰਤੀ ਸਮੇਂ ਅਨੁਸਾਰ ਤਕਰੀਬਨ 11:30 ਵਜੇ ਫੌਜੀ ਜਹਾਜ਼ C-130 ਫਿਲੀਪਨ ਦੇ ਸੁਲੂ ਸੂਬੇ ਦੇ ਜੌਲੌ ਦੀਪ ਉਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਲੈਂਡਿੰਗ ਦੌਰਾਨ ਹੀ ਜਹਾਜ਼ ਨਾਲ ਹਾਦਸਾ ਵਾਪਰ ਗਿਆ ਅਤੇ 17 ਲੋਕਾਂ ਦੀ ਹੁਣ ਤੱਕ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਸੈਨਾ ਵੱਲੋਂ ਅਧਿਕਾਰਤ ਬਿਆਨ ਅਨੁਸਾਰ ਹੁਣ ਤੱਕ 40 ਲੋਕਾਂ ਨੂੰ ਜਿਉਂਦੇ ਬਚਾ ਲਿਆ ਗਿਆ ਹੈ। ਸੜ ਰਹੇ ਜਹਾਜ਼ ਵਿਚੋਂ 40 ਲੋਕਾਂ ਨੂੰ ਬਾਹਰ ਕੱਢਣ ਤੋਂ ਇਲਾਵਾ 17 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਸੈਨਾ ਦੇ ਸ਼ਸਤਰ ਬਲ ਦੇ ਮੁਖੀ ਸਿਰਿਲੀਟੋ ਸੋਬੇਜਾਨਾ ਨੇ ਦੱਸਿਆ ਕਿ ਬਚਾਅ ਕਾਰਜ ਹਜੇ ਵੀ ਜਾਰੀ ਹਨ। ਬਚਾਅ ਕਾਰਜ ਦੌਰਾਨ ਹਰ ਤਰ੍ਹਾਂ ਦੀ ਸੁਰੱਖਿਆ ਵੀ ਵਰਤੀ ਜਾ ਰਹੀ ਹੈ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ।
ਫਿਲੀਪਨ ਵਿੱਚ ਇਸ ਹਾਦਸੇ ਦੀ ਖਬਰ ਫੈਲਦਿਆਂ ਹੀ ਲੋਕਾਂ ਵੱਲੋਂ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿੰਨਾ ਦੀ ਮੌਤ ਹੋਈ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਜੋ ਬਚ ਗਏ ਹਨ ਉਹਨਾਂ ਦੀ ਉਮਰ ਲੰਬੀ ਹੋਵੇ। ਸੋਬੇਜਾਨਾ ਨੇ ਕਿਹਾ, “ਇਹ ਬਹੁਤ ਹੀ ਮੰਦਭਾਗਾ ਹਾਦਸਾ ਹੈ, ਸਾਡੇ ਬਹਾਦਰ ਫੌਜੀਆਂ ਨੂੰ ਲਿਜਾ ਰਿਹਾ ਜਹਾਜ਼ ਰਨਵੇ ਤੋਂ ਖਿਸਕ ਗਿਆ। ਹਾਲਾਂਕਿ ਚਾਲਕ ਦਲ ਵੱਲੋਂ ਜਹਾਜ਼ ਨੂੰ ਕਾਬੂ ਕਰਨ ਦੀ ਬਹੁਤ ਕੋਸ਼ਿਸ ਕੀਤੀ ਪਰ ਨਤੀਜਾ ਮੰਦਭਾਗਾ ਨਿਕਲਿਆ।”
ਦੱਸ ਦਈਏ ਕੇ ਸੁਲੂ ਸੂਬਾ, ਜਿੱਥੇ ਮੁਸਲਮ ਗਿਣਤੀ ਵਿੱਚ ਜਿਆਦਾ ਹਨ, ਓਥੇ ਫੌਜ ਅਤੇ ਚਰਮਪੰਥੀਆਂ ਵਿਚਾਲੇ ਲੰਮੇ ਸਮੇਂ ਤੋਂ ਸ਼ੀਟ ਜੰਗ ਚਲਦੀ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਫਿਲੀਪਨ ਵਿੱਚ ਫੌਜੀ ਜਹਾਜ਼ਾਂ ਨਾਲ ਹਾਦਸੇ ਵਾਪਰ ਚੁੱਕੇ ਹਨ। 1993 ਵਿੱਚ ਵੀ C-130 ਜਹਾਜ਼ ਨਾਲ ਹਾਦਸਾ ਵਾਪਰਿਆ ਸੀ ਜਿਸ ਵਿੱਚ 30 ਲੋਕਾਂ ਦੀ ਮੌਤ ਹੋਈ ਸੀ। 2008 ਦੇ ਹਾਦਸੇ ਦੌਰਾਨ 11 ਲੋਕਾਂ ਦੀ ਮੌਤ ਹੋਈ ਸੀ। ਸਾਲ 2000 ਵਿੱਚ ਸਭ ਤੋਂ ਭਿਆਨਕ ਹਾਦਸਾ ਵਾਪਰਿਆ ਸੀ। ਬੋਇੰਗ ਜਹਾਜ਼ ਦੇ ਹਾਦਸੇ ਦੌਰਾਨ 31 ਲੋਕਾਂ ਦੀ ਮੌਤ ਹੋਈ ਸੀ।