ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਵਿਚ ਸਮਾਰਟ ਪਲੇਅਗਰਾਊਂਡ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਸਮਾਰਟ ਪਲੇਅਗਰਾਊਂਡ ਪ੍ਰਾਜੈਕਟ ਦੇ ਪਹਿਲੇ ਗੇੜ ਵਿੱਚ ਪ੍ਰਾਇਮਰੀ ਅਤੇ ਮਿਡਲ ਸਕੂਲਾਂ ’ਚ ਸਮਾਰਟ ਪਲੇਅਗਰਾਊਂਡ ਤਿਆਰ ਕਰਨ ਲਈ 9.10 ਕਰੋੜ ਰੁਪਏ ਮਨਜ਼ੂਰ ਕੀਤੇ ਹਨ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਜਿਵੇਂ ਉਨਾਂ ਦੀ ਸਰਕਾਰ ਵੱਲੋਂ ਸਮਾਰਟ ਸਕੂਲ ਨੀਤੀ ਪੇਸ਼ ਕਰਦਿਆਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਵੱਡੇ ਪੱਧਰ ’ਤੇ ਸੁਧਾਰ ਕੀਤਾ ਗਿਆ ਹੈ, ਉਸੇ ਤਰਾਂ ਹੁਣ ਸਮਾਰਟ ਪਲੇਅਗਰਾਊਂਡ ਵਿਕਸਿਤ ਕਰਨ ਦਾ ਪ੍ਰੋਜੈਕਟ ਸੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਵਿਦਿਆਰਥੀਆਂ ਲਈ ਪਾਠਕ੍ਰਮ ਦੀਆਂ ਗਤੀਵਿਧੀਆਂ ਦੇ ਨਾਲ ਨਾਲ ਖੇਡਾਂ ਅਤੇ ਗੈਰ ਵਿੱਦਿਅਕ ਗਤੀਵਿਧੀਆਂ ਵੀ ਓਨੀਆਂ ਹੀ ਮਹੱਤਵਪੂਰਨ ਹਨ। ਉਨਾਂ ਅੱਗੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਉਨਾਂ ਵਿੱਚ ਲੀਡਰਸ਼ਿਪ ਦੇ ਗੁਣ ਵੀ ਭਰਦੀਆਂ ਹਨ ਕਿਉਂਕਿ ਇਕ ਖਿਡਾਰੀ ਹਮੇਸ਼ਾ ਸਕਾਰਾਤਮਕ ਰਵੱਈਏ ਅਤੇ ਦਿ੍ਰੜ ਮਨੋਬਲ ਨੂੰ ਕਾਇਮ ਰੱਖਦਾ ਹੈ।
ਸਿੰਗਲਾ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਕੂਲ ਸਿੱਖਿਆ ਦੇ ਹਰ ਖੇਤਰ ਵਿੱਚ ਵਿਕਾਸ ਨੂੰ ਯਕੀਨੀ ਬਣਾਇਆ ਹੈ ਜੋ ਕਿ ਵਿਦਿਆਰਥੀਆਂ ਅਤੇ ਸਿੱਖਿਆ ਵਿਭਾਗ ਦੀ ਸਫਲਤਾ ਤੋਂ ਸਾਫ਼ ਝਲਕਦਾ ਹੈ। ਉਨਾਂ ਕਿਹਾ ਕਿ ਹੋਰ ਪ੍ਰਾਪਤੀਆਂ ਤੋਂ ਇਲਾਵਾ ਪੰਜਾਬ ਨੂੰ ਕਾਰਗੁਜਾਰੀ ਗ੍ਰੇਡਿੰਗ ਇੰਡੈਕਸ (ਪੀਜੀਆਈ) ਵਿੱਚ ਚੋਟੀ ਦਾ ਸਥਾਨ ਮਿਲਿਆ। ਇਹ ਰੈਕਿੰਗ ਕੇਂਦਰ ਸਰਕਾਰ ਵੱਲੋਂ ਸਕੂਲ ਸਿੱਖਿਆ ਦੇ 70 ਮਾਪਦੰਡਾਂ ਦੇ ਅਧਾਰ ‘ਤੇ ਜਾਰੀ ਕੀਤੀ ਗਈ ਸੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਨਵੀਂਆਂ ਪਹਿਲਕਦਮੀਆਂ ਅਤੇ ਸੁਧਾਰਾਂ ਦੀ ਸੁਰੂਆਤ ਕਰਨ ਤੋਂ ਇਲਾਵਾ, ਉਨਾਂ ਦੀ ਸਰਕਾਰ ਨੇ ਸਿੱਖਿਆ ਖੇਤਰ ਦੇ ਹਰ ਪ੍ਰਬੰਧਕੀ ਪੜਾਅ ‘ਤੇ ਪਾਰਦਰਸਤਾ ਨੂੰ ਯਕੀਨੀ ਬਣਾਇਆ ਹੈ। ਉਨਾਂ ਕਿਹਾ ਕਿ ਆਨਲਾਈਨ ਅਧਿਆਪਕ ਤਬਾਦਲਾ ਨੀਤੀ ਦੇ ਆਧਾਰ ‘ਤੇ 21,000 ਤੋਂ ਵੱਧ ਤਬਾਦਲੇ ਕੀਤੇ ਗਏ ਹਨ। ਇਹ ਨੀਤੀ ਅਧਿਆਪਕਾਂ ਨੂੰ ਸਿਰਫ ਉਨਾਂ ਦੀ ਕਾਰਗੁਜਾਰੀ ਦੇ ਆਧਾਰ ’ਤੇ ਆਪਣੀਆਂ ਪਸੰਦ ਦੀਆਂ ਥਾਵਾਂ ’ਤੇ ਬਦਲੀ ਕਰਵਾਉਣ ਦੇ ਮੌਕੇ ਪ੍ਰਦਾਨ ਕਰਦੀ ਹੈ। ਉਨਾਂ ਅੱਗੇ ਕਿਹਾ ਕਿ ਮਾਪਿਆਂ ਨੇ ਵੀ ਸਰਕਾਰੀ ਸਕੂਲਾਂ ਵਿੱਚ ਭਰੋਸਾ ਜਤਾਇਆ ਹੈ ਅਤੇ ਲਗਭਗ 5.5 ਲੱਖ ਬੱਚਿਆਂ ਨੇ ਨਿੱਜੀ ਸਕੂਲਾਂ ’ਚੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲਿਆ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ