ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋਬਾਰਾ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਵੱਲੋਂ 93 ਫੀਸਦੀ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਅਤੇ ਪਾਰਟੀ ਲੀਡਰਸ਼ਿਪ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨੂੰ ਪੱਕਾ ਕਰਨ ਲਈ ਮਿਲ ਕੇ ਕੰਮ ਕਰਨਗੀਆਂ।
ਆਗਾਮੀ ਵਿਧਾਨ ਸਭਾ ਚੋਣਾਂ ਦੀ ਰੂਪ-ਰੇਖਾ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਚੋਣ ਵਾਅਦਿਆਂ ਵਿੱਚੋਂ 93 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਹਨ ਅਤੇ ਛੇਤੀ ਹੀ ਇਹ 95 ਫੀਸਦ ਤੱਕ ਹੋ ਜਾਣਗੇ।ਉਨਾਂ ਇਹ ਵੀ ਦੱਸਿਆ ਕਿ ਉਨਾਂ ਦੀ ਸਰਕਾਰ ਤੋਂ ਪਹਿਲਾਂ ਆਂਧਰਾ ਪ੍ਰਦੇਸ ਵਿੱਚ ਚੰਦਰ ਬਾਬੂ ਨਾਇਡੂ ਦੀ ਸਰਕਾਰ ਨੇ 83 ਫੀਸਦ ਚੋਣ ਵਾਅਦਿਆਂ ਨੂੰ ਪੂਰਾ ਕਰਕੇ ਰਿਕਾਰਡ ਕਾਇਮ ਕੀਤਾ ਸੀ। ਉਨਾਂ ਕਿਹਾ ਕਿ ਬਾਕੀ ਬਚੇ ਵਾਅਦਿਆਂ ਵਿੱਚੋਂ 5 ਫੀਸਦੀ ਸਿਰਫ ਜੀਐਸਟੀ ਪ੍ਰਣਾਲੀ ਕਰਕੇ ਰਹਿੰਦੇ ਹਨ ਕਿਉਂਕਿ ਜਦੋਂ ਉਨਾਂ ਦੀ ਪਾਰਟੀ ਨੇ ਮੈਨੀਫੈਸਟੋ ਤਿਆਰ ਕੀਤਾ ਸੀ ਤਾਂ ਉਦੋਂ ਵੈਟ ਪ੍ਰਣਾਲੀ ਸੀ ਨਾ ਕਿ ਜੀ.ਐਸ.ਟੀ. ਪ੍ਰਣਾਲੀ।
ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੋਡ ਸ਼ੋਅ ਕਰਨ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਚੱਲਦੇ ਅਜੇ ਤੱਕ ਅਜਿਹੀ ਕੋਈ ਯੋਜਨਾ ਨਹੀਂ ਪਰ ਇਹ ਵਾਇਰਸ ਹੁਣ ਕਾਬੂ ਹੇਠ ਹੈ। ਹਾਲਾਂਕਿ ਉਨਾਂ ਕਿਹਾ ਕਿ ਉਹ ਇਸ ਸਬੰਧੀ ਡਾਕਟਰੀ ਮਾਹਰਾਂ ਦੀ ਸਲਾਹ ਅਨੁਸਾਰ ਕਾਰਵਾਈ ਕਰਨਗੇੇ। ਕਾਂਗਰਸ ਪਾਰਟੀ ਵਿਚ ਸੱਤਾ ਦੇ ਦੋ ਕੇਂਦਰ ਹੋਣ ਬਾਰੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਅਤੇ ਉਹ ਮੁੱਖ ਮੰਤਰੀ ਵਜੋਂ ਦੋ ਵੱਖ ਵੱਖ ਜ਼ਿੰਮੇਵਾਰੀਆਂ ਨਿਭਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਵੀ ਤਿੰਨ ਵਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਹੇ ਹਨ ਅਤੇ ਪਾਰਟੀ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਤੋਂ ਭਲੀ-ਭਾਂਤ ਜਾਣੂ ਹਨ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਅਤੇ ਪਾਰਟੀ ਦੋ ਵੱਖ ਵੱਖ ਸੰਸਥਾਵਾਂ ਹਨ ਜਿਨਾਂ ਦੀਆਂ ਆਪਣੀਆਂ ਭੂਮਿਕਾਵਾਂ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਤਾਜਪੋਸ਼ੀ ਸਮਾਗਮ ਦੌਰਾਨ ਨਵਜੋਤ ਸਿੱਧੂ ਵੱਲੋਂ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ, ਰਾਹੁਲ ਜਾਂ ਪ੍ਰਿਯਾਂਕਾ ਗਾਂਧੀ ਦੇ ਨਾਮ ਦਾ ਜ਼ਿਕਰ ਨਾ ਕੀਤੇ ਜਾਣ ਬਾਰੇ ਪੁੱਛਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਾਇਦ ਹੀ ਕੋਈ ਮੁੱਦਾ ਹੈ ਅਤੇ ਉਹਨਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
ਸਿੱਧੂ ਵੱਲੋਂ ਪਾਰਟੀ ਆਗੂਆਂ ਅਤੇ ਵਿਧਾਇਕਾਂ ਨਾਲ ਲਗਾਤਾਰ ਮੀਟਿੰਗਾਂ ਬਾਰੇ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਦਾ ਫਰਜ ਬਣਦਾ ਹੈ ਕਿ ਉਹ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰੇ, ਜੋ ਕਿ ਪਾਰਟੀ ਦੇ ਕਾਰਜਕਰਤਾਵਾਂ ਨਾਲ ਨੇੜਿਓਂ ਤਾਲਮੇਲ ਰੱਖ ਕੇ ਹੀ ਸੰਭਵ ਹੋ ਸਕਦਾ ਹੈ। ਉਨਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਨੂੰ ਇੱਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ਸਿਰਫ ਛੇ ਮਹੀਨੇ ਬਾਕੀ ਹਨ। ਉਨਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਇੱਛਾਵਾਂ ’ਤੇ ਖਰਾ ਉਤਰਨ ਦਾ ਯਤਨ ਕਰੇਗੀ ਜਦੋਂ ਕਿ ਪਾਰਟੀ ਪ੍ਰਧਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਪਾਰਟੀ ਨੂੰ ਰਾਜਨੀਤਿਕ ਖੇਤਰ ਵਿੱਚ ਅੱਗੇ ਲੈ ਕੇ ਜਾਣ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ