ਪੰਜਾਬ ਦੀ 25 ਸਾਲਾ ਕਮਲਪ੍ਰੀਤ ਕੌਰ ਉਹਨਾਂ 12 ਖਿਡਾਰਨਾਂ ਵਿੱਚੋਂ ਸਭ ਤੋਂ ਘੱਟ ਉਮਰ ਦੀ ਖਿਡਾਰਨ ਹੈ ਜਿਸ ਨੇ ਟੋਕੀਓ ਓਲਿੰਪਿਕ 2020 ਵਿੱਚ ਡਿਸਕਸ ਥ੍ਰੋ ਵਿੱਚ ਹਿੱਸਾ ਲਿਆ। ਇਸ ਖੇਡ ਵਿੱਚ ਕਮਲਪ੍ਰੀਤ ਨੂੰ ਛੇਵਾਂ ਸਥਾਨ ਮਿਲਿਆ। ਇਹ ਕਮਲਪ੍ਰੀਤ ਦਾ ਪਹਿਲਾ ਓਲਿੰਪਿਕ ਸੀ। ਇਸ ਖੇਡ ਵਿੱਚ ਪਹਿਲੇ ਸਥਾਨ ਉੱਤੇ ਅਮਰੀਕਾ ਦੀ ਵੈਲਰੀ ਰਹੀ। ਦੂਜੇ ਸਥਾਨ ਉੱਤੇ ਜਰਮਨੀ ਦੀ ਖਿਡਾਰਨ ਰਹੀ। ਤੀਜੇ ਸਥਾਨ ਉੱਤੇ ਕਿਊਬਾ ਦੀ ਖਿਡਾਰਨ ਰਹੀ।
ਪਹਿਲੇ ਦੌਰ ਵਿੱਚ ਕਮਲਪ੍ਰੀਤ ਨੇ 63.70 ਮੀਟਰ ਦਾ ਥ੍ਰੋ ਕਰਕੇ ਆਪਣੀ ਜਗ੍ਹਾ ਟੇਬਲ ਅੰਦਰ ਪਹਿਲੇ 8 ਖਿਡਾਰੀਆਂ ਵਿੱਚ ਬਣਾਈ ਅਤੇ ਦੂਜੇ ਦੌਰ ਲਈ ਕੁਆਲੀਫਾਈ ਕੀਤਾ। ਇਸ ਖੇਡ ਵਿੱਚ ਜੋ ਡਿਸਕ ਮਹਿਲਾ ਖਿਡਾਰਨਾਂ ਵੱਲੋਂ ਸੁੱਟੀ ਜਾਂਦੀ ਉਹ 1 ਕਿੱਲੋ ਦੀ ਹੁੰਦੀ ਹੈ। ਖੇਡ ਤੋਂ ਪਹਿਲਾਂ ਵੀ ਕਮਲਪ੍ਰੀਤ ਕੌਰ ਨੂੰ ਮੋਢੇ ਅਤੇ ਗੋਢੇ ਵਿੱਚ ਦਰਦ ਮਹਿਸੂਸ ਹੋ ਰਿਹਾ ਸੀ ਇਸਦੇ ਬਾਵਜੂਦ ਉਹਨਾਂ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ।
ਕਿਊਬਾ ਦੀ ਐਥਲੀਟ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਡਿਸਕ ਨੂੰ 65.72 ਮੀਟਰ ਦੂਰ ਤੱਕ ਸੁੱਟਿਆ। ਅਮਰੀਕਾ ਦੀ ਵੈਲਰੀ ਨੇ ਸਭ ਤੋਂ ਜਿਆਦਾ ਦੂਰ 68.98 ਮੀਟਰ ਦੂਰ ਤੱਕ ਡਿਸਕ ਨੂੰ ਸੁੱਟਿਆ। ਪਹਿਲੇ ਦੌਰ ਤੋਂ ਬਾਅਦ ਭਾਰਤ ਦੀ ਕਮਲਪ੍ਰੀਤ ਟੇਬਲ ਵਿੱਚ ਛੇਵੇਂ ਨੰਬਰ ‘ਤੇ ਰਹੀ। ਦੂਜੇ ਦੌਰ ਵਿੱਚ ਕਮਲਪ੍ਰੀਤ ਕੌਰ ਨੇ ਹਿੰਮਤ ਦਿਖਾਉਂਦਿਆਂ ਡਿਸਕ ਨੂੰ ਥ੍ਰੋ ਕੀਤਾ ਪਰ ਥ੍ਰੋ ਫਾਉਲ ਕਰਾਰ ਦੇ ਦਿੱਤਾ ਗਿਆ। ਇਸ ਤੋਂ ਬਾਅਦ ਓਹਨਾ ਦੀ ਟੇਬਲ ਵਿੱਚ ਜਗ੍ਹਾ 6ਵੇਂ ਨੰਬਰ ‘ਤੇ ਰਹੀ। ਮੀਂਹ ਕਾਰਨ ਖਿਡਾਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਥ੍ਰੋ ਫਾਉਲ ਵੀ ਕਰਾਰ ਦਿੱਤੇ ਗਏ। ਇਸ ਦੌਰਾਨ ਮੀਂਹ ਕਾਰਨ ਖੇਡ ਰੋਕਣੀ ਵੀ ਪਈ।
ਜ਼ਿਕਰਯੋਗ ਹੈ ਕਿ ਜੂਨ ਵਿੱਚ ਕਮਲਪ੍ਰੀਤ ਦੇ ਮੋਢੇ ‘ਤੇ ਸੱਟ ਵੀ ਲੱਗੀ ਸੀ ਜਿਸ ਕਾਰਨ ਵੀ ਉਹ ਦਰਦ ਮਹਿਸੂਸ ਕਰਦੀ ਰਹੀ। ਇਸੇ ਸਮੇਂ ਕਮਲਪ੍ਰੀਤ ਨੇ ਕੌਮੀ ਰਿਕਾਰਡ ਵੀ ਤੋੜਿਆ ਸੀ। ਕੌਮੀ ਰਿਕਾਰਡ ਹੋਲਡਰ ਕਮਲਪ੍ਰੀਤ ਕੌਰ ਨੇ ਪਹਿਲੀ ਕੋਸ਼ਿਸ਼ ਵਿੱਚ 61.62 ਮੀਟਰ ਦਾ ਥ੍ਰੋ ਕੀਤਾ ਸੀ। ਕਮਲਪ੍ਰੀਤ ਕੌਰ ਉੱਪਰ ਪੂਰੇ ਭਾਰਤ ਦੀ ਨਜ਼ਰ ਬਣੀ ਹੋਈ ਸੀ ਕਿਉਂਕਿ ਭਾਰਤ ਲਈ ਕਮਲਪ੍ਰੀਤ ਉਹ ਕਮਾਲ ਕਰਨ ਦੀ ਕਾਬਲੀਅਤ ਰੱਖਦੀ ਹੈ ਜਿਸ ਲਈ ਭਾਰਤ ਲੰਮੇ ਸਮੇਂ ਤੋਂ ਉਡੀਕ ਕਰ ਰਿਹਾ ਸੀ। ਕਮਲਪ੍ਰੀਤ ਕੌਰ ਨੂੰ ਇਸ ਲਈ ਦੇਸ਼ ਭਰ ਤੋਂ ਸਿਆਸਤਦਾਨਾਂ ਦੇ ਨਾਲ ਨਾਲ ਆਮ ਲੋਕਾਂ ਵੱਲੋਂ ਵੀ ਸ਼ੁੱਭਕਾਮਨਾਵਾਂ ਭੇਜੀਆਂ ਸਨ। ਕਮਲਪ੍ਰੀਤ ਕੌਰ ਨੇ 64 ਮੀਟਰ ਦਾ ਡਿਸਕਸ ਥ੍ਰੋ ਕਰਕੇ ਫਾਈਨਲ ਵਿਚ ਸਿੱਧਾ ਦਾਖਲਾ ਹਾਸਿਲ ਕੀਤਾ ਸੀ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ