12 ਅਗਸਤ ਨੂੰ ਹੋਣਗੇ ਪੰਜਾਬੀ ਓਲੰਪੀਅਨ ਖਿਡਾਰੀ ਮਾਲਾਮਾਲ, ਇਨਾਮੀ ਰਾਸ਼ੀ ਵਧਾਈ, ਮਿਲਣਗੇ ਕੁੱਲ 32.67 ਕਰੋੜ

ਪੰਜਾਬ ਸਰਕਾਰ ਵੱਲੋਂ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜੇਤੂ ਪੁਰਸ਼ ਹਾਕੀ ਟੀਮ ਅਤੇ ਹੋਰਨਾਂ ਖੇਡਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬੀ ਖਿਡਾਰੀਆਂ ਨੂੰ ਨਗਦ ਇਨਾਮ ਨਾਲ ਸਨਮਾਨਤ ਕਰਨ ਲਈ 12 ਅਗਸਤ ਨੂੰ ਚੰਡੀਗੜ ਵਿਖੇ ਵਿਸ਼ੇਸ਼ ਤੌਰ ’ਤੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਪੰਜਾਬ ਦੇ ਖਿਡਾਰੀਆਂ ਅਤੇ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਕੁੱਲ 32.67 ਕਰੋੜ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਿਆ ਜਾਵੇਗਾ।

ਖੇਡ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਖਿਡਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨਮਾਨਤ ਕਰਨਗੇ ਜਦੋਂ ਕਿ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਉਪਰੰਤ ਸਮੂਹ ਖਿਡਾਰੀਆਂ ਨੂੰ ਰਾਤ ਦੇ ਖਾਣੇ ਦੀ ਦਾਅਵਤ ਦਿੱਤੀ ਜਾਵੇਗੀ। ਖੇਡ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੂਬੇ ਵਿੱਚ ਖੇਡਾਂ ਨੂੰ ਹੋਰ ਉਤਸ਼ਾਹਤ ਕਰਨ ਦੇ ਮੰਤਵ ਨਾਲ ਓਲੰਪਿਕ ਵਿੱਚ ਤਮਗ਼ਾ ਜੇਤੂ ਖਿਡਾਰੀਆਂ ਨੂੰ ਪਹਿਲਾ ਐਲਾਨੀ ਇਨਾਮੀਰਾਸ਼ੀ ਵਿੱਚ ਵਾਧਾ ਕੀਤਾ ਹੈ ਤਾਂ ਜੋ ਨਵੀਂ ਉਮਰ ਦੇ ਖਿਡਾਰੀਆਂ ਨੂੰ ਉਤਸ਼ਾਹ ਮਿਲ ਸਕੇ।

ਉਨਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਿਛੋਕੜ ਰੱਖਣ ਵਾਲੇ ਸੋਨ ਤਮਗਾ ਜੇਤੂ ਅਥਲੀਟ ਨੀਰਜ ਚੋਪੜਾ ਨੂੰ 2 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ ਪਰ ਹੁਣ ਨੀਰਜ ਨੂੰ 2.51 ਕਰੋੜ ਰੁਪਏ ਨਾਲ ਸਨਮਾਨਿਆ ਜਾਵੇਗਾ। ਰਾਣਾ ਸੋਢੀ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਓਲੰਪਿਕ ਖੇਡਾਂ ਵਿੱਚ ਤਮਗਾ ਜਿੱਤਿਆ ਹੈ ਜਿਸ ਵਿੱਚ ਕਪਤਾਨ ਤੇ ਉਪ ਕਪਤਾਨ ਸਮੇਤ ਸਭ ਤੋਂ ਵੱਧ ਖਿਡਾਰੀ (11) ਪੰਜਾਬ ਦੇ ਸਨ। ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਇਨਾਂ 11 ਪੰਜਾਬੀ ਖਿਡਾਰੀਆਂ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ ਕਪਤਾਨ), ਰੁਪਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ, ਹਾਰਦਿਕ ਸਿੰਘ ਤੇ ਕਿ੍ਰਸ਼ਨ ਪਾਠਕ ਨੂੰ 1-1 ਕਰੋੜ ਰੁਪਏ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਾਕੀ ਖਿਡਾਰੀਆਂ ਦੀ ਰਾਸ਼ੀ ਵਿੱਚ ਵੀ ਵਾਧਾ ਕਰ ਦਿੱਤਾ ਹੈ। ਹੁਣ ਸੂਬੇ ਦੇ ਹਰੇਕ ਹਾਕੀ ਖਿਡਾਰੀ ਨੂੰ 2.51 ਕਰੋੜ ਰੁਪਏ ਦੇ ਨਗਦ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।

ਇਸੇ ਤਰਾਂ ਓਲੰਪਿਕ ਖੇਡਾਂ ਦੇ ਮਹਿਲਾ ਹਾਕੀ ਮੁਕਾਬਲਿਆਂ ਵਿੱਚ ਚੌਥੇ ਸਥਾਨ ਉਤੇ ਆ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਦੀਆਂ ਦੋ ਪੰਜਾਬੀ ਖਿਡਾਰਨਾ ਗੁਰਜੀਤ ਕੌਰ ਤੇ ਰੀਨਾ ਖੋਖਰ ਅਤੇ ਅਥਲੈਟਿਕਸ ਦੇ ਡਿਸਕਸ ਫਾਈਨਲ ਮੁਕਾਬਲੇ ਵਿੱਚ ਛੇਵਾਂ ਸਥਾਨ ਹਾਸਲ ਕਰਨ ਵਾਲੀ ਕਮਲਪ੍ਰੀਤ ਕੌਰ ਨੂੰ 50-50 ਲੱਖ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ। ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੇ ਹੋਰਨਾਂ ਖਿਡਾਰੀਆਂ ਮੁੱਕੇਬਾਜ਼ ਸਿਮਰਨਜੀਤ ਕੌਰ, ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਤੇ ਅੰਗਦਵੀਰ ਸਿੰਘ ਅਤੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ ਅਤੇ ਪੈਰਾਲੰਪਿਕ ਵਿੱਚ ਹਿੱਸਾ ਲੈਣ ਜਾ ਰਹੀ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨੂੰ 21-21 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁਹਾਲੀ ਨੂੰ ਮਿਲੀ ਹੋਰ ਤਾਕਤ, ਨਗਰ ਨਿਗਮ ਹਵਾਲੇ ਸਨਅਤੀ ਖੇਤਰ ਫ਼ੇਜ਼-8ਏ ਅਤੇ 8ਬੀ

ਵਿਦਿਆਰਥੀ ਕੋਰੋਨਾ ਪੋਜ਼ਟੀਵ ਹੋਣ ਤੋਂ ਬਾਅਦ ਪ੍ਰਸ਼ਾਸਨ ਦਾ ਵੱਡਾ ਐਲਾਨ, ਮਾਪੇ ਦੇਣ ਖਾਸ ਧਿਆਨ