ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਇਤਿਹਾਸਕ 75ਵੇਂ ਆਜਾਦੀ ਦਿਹਾੜੇ ਮੌਕੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਵਿਰੁੱਧ ਸਰਹੱਦੀ ਸੂਬੇ ਪੰਜਾਬ ਦੀ ਰਾਖੀ ਕਰਨ ਦਾ ਪ੍ਰਣ ਲਿਆ। ਇਸ ਦੇ ਨਾਲ ਹੀ ਉਨਾਂ ਨੇ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨਾਲ ਮਿਲ ਕੇ ਲੜਾਈ ਜਾਰੀ ਰੱਖਣ ਦਾ ਵਾਅਦਾ ਵੀ ਕੀਤਾ। ਪਾਕਿਸਤਾਨ ਦੇ ਵਿਰੁੱਧ ਪੂਰੀ ਤਰਾਂ ਚੌਕਸ ਰਹਿਣ ਦੀ ਗੱਲ ਕਰਦਿਆਂ ਜੋ ਕਿ ਹਮੇਸ਼ਾ ਮੁਸਕਿਲਾਂ ਖੜੀਆਂ ਕਰਨ ਦੀ ਫਿਰਾਕ ਵਿੱਚ ਰਹਿੰਦਾ ਹੈ, ਮੁੱਖ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ “ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਸਾਡੇ ਖੇਤਰ ਵਿੱਚ ਕਿਸੇ ਵੀ ਹਮਲਾਵਰ ਕਾਰਵਾਈ ਜਾਂ ਹਮਲੇ ਨੂੰ ਬਰਦਾਸ਼ਤ ਨਹੀਂ ਕਰਾਂਗੇ।“ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ “ਜੇ ਪਾਕਿਸਤਾਨ ਕੋਈ ਮੁਸੀਬਤ ਖੜੀ ਕਰਦਾ ਹੈ ਤਾਂ ਅਸੀਂ ਉਨਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਜੋ ਉਹ ਜ਼ਿੰਦਗੀ ਭਰ ਯਾਦ ਰੱਖੇਗਾ।” ਗੁਆਂਢੀ ਮੁਲਕਾਂ ਦੁਆਰਾਂ ਸੂਬੇ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਪੰਜਾਬ ਵਿੱਚ ਕਿਸੇ ਵੀ ਨਾਜੁਕ ਸਥਿਤੀ ਦਾ ਲਾਹਾ ਲੈਣ ਦਾ ਕੋਈ ਮੌਕਾ ਨਹੀਂ ਛੱਡੇਗਾ।
ਉਦਯੋਗ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਲੋਕਾਂ ਦੀ ਤਰੱਕੀ ਲਈ ਸੂਬੇ ਵਿੱਚ ਸਾਂਤੀ ਬਣਾਈ ਰੱਖਣ ਦੀ ਜਰੂਰਤ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਗੈਂਗਸਟਰਾਂ ਅਤੇ ਅੱਤਵਾਦੀਆਂ ਸਮੇਤ ਕਿਸੇ ਵੀ ਖਤਰੇ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਅਸੀਂ ਅਜਿਹੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸਖਤੀ ਨਾਲ ਪੇਸ਼ ਆਵਾਂਗੇ। ਉਨਾਂ ਕਿਹਾ ਕਿ ਪੰਜਾਬ ਲਈ ਕੋਈ ਵੀ ਖਤਰਾ ਸਾਡੇ ਸਮੁੱਚੇ ਮੁਲਕ ਲਈ ਖਤਰਾ ਹੋਵੇਗਾ।” ਉਨਾਂ ਦੱਸਿਆ ਕਿ ਸਰਕਾਰ ਦੇ ਸੱਤਾ ਸੰਭਾਲਣ ਤੋਂ ਲੈ ਕੇ 47 ਪਾਕਿਸਤਾਨੀ ਅੱਤਵਾਦੀ ਮਡਿਊਲਾਂ ਅਤੇ 347 ਗੈਂਗਸਟਰਾਂ ਦੇ ਮਡਿਊਲਾਂ ਨੂੰ ਬੇਅਸਰ ਕੀਤਾ ਗਿਆ ਹੈ, ਜਿਨਾਂ ਵਿੱਚੋਂ ਕੁਝ ਵੱਡੇ ਗੈਂਗਸਟਰਾਂ ਨੂੰ ਅਰਮੀਨੀਆ, ਯੂਏਈ ਅਤੇ ਹੋਰ ਦੇਸਾਂ ਤੋਂ ਡਿਪੋਰਟ ਕਰਵਾਇਆ ਗਿਆ ਅਤੇ ਕਈ ਹੋਰਾਂ ਨੂੰ ਡਿਪੋਰਟ ਕਰਵਾਉਣ ਦੀ ਕਾਰਵਾਈ ਜਾਰੀ ਹੈ।
ਬਾਅਦ ਵਿੱਚ ਕੁਝ ਮੀਡੀਆ ਕਰਮੀਆਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਬਾਰੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਉਨਾਂ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਆਪਣੀਆਂ ਮੀਟਿੰਗਾਂ ਦੌਰਾਨ ਇਹ ਮੁੱਦਾ ਉਠਾਇਆ ਸੀ। ਉਨਾਂ ਕਿਹਾ ਕਿ ਉਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜੋ ਕਿਸਾਨ ਵਿਰੋਧੀ ਅਤੇ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਹਨ। ਉਨਾਂ ਸਪੱਸ਼ਟ ਕੀਤਾ ਕਿ ਉਹ ਇਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨਾਲ ਮਿਲ ਕੇ ਲੜਾਈ ਜਾਰੀ ਰੱਖਣਗੇ ਅਤੇ ਇਸ ਸੰਘਰਸ਼ ਦੌਰਾਨ ਸਹੀਦ ਹੋਣ ਵਾਲੇ ਕਿਸਾਨਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦੇਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨਾਂ ਕਾਲੇ ਕਾਨੂੰਨਾਂ ਵਿਰੁੱਧ ਲੜਾਈ ਰਾਜਨੀਤਿਕ ਨਹੀਂ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਸੱਤਾ ਵਿੱਚ ਹੈ। ਸਾਨੂੰ ਸਹੀ ਦੇ ਨਾਲ ਖੜੇ ਰਹਿਣ ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸੰਵਿਧਾਨ ਵਿੱਚ ਮਿਲੇ ਸਾਡੇ ਅਧਿਕਾਰਾਂ ਨੂੰ ਕੁਚਲਿਆ ਨਾ ਜਾਵੇ। ਉਨਾਂ ਕਿਹਾ ਕਿ ਜੇ ਕੁਝ ਹੋਰ ਰਾਜਨੀਤਿਕ ਪਾਰਟੀਆਂ ਨੇ ਪਿਛਲੇ ਸਾਲ ਜੂਨ ਮਹੀਨੇ ਦੌਰਾਨ ਕੇਂਦਰ ਅੱਗੇ ਸਾਡੀਆਂ ਡੂੰਘੀਆਂ ਚਿੰਤਾਵਾਂ ਨੂੰ ਇਕਜੁੱਟ ਹੋ ਕੇ ਉਠਾਉਣ ਸਬੰਧੀ ਮੇਰੇ ਵੱਲੋਂ ਵਾਰ-ਵਾਰ ਕੀਤੀਆਂ ਗਈਆਂ ਬੇਨਤੀਆਂ ਨੂੰ ਮੰਨਿਆ ਹੁੰਦਾ ਤਾਂ ਸ਼ਾਇਦ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ।
ਆਪਣੇ ਅਧਿਕਾਰਤ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਉਨਾਂ ਦੀ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਲਈ ਕੀਤੀਆਂ ਗਈਆਂ ਕਾਨੂੰਨੀ ਕੋਸ਼ਿਸ਼ਾਂ ਬਾਰੇ ਦੱਸਿਆ। ਦੱਸਣਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਸ ਸਬੰਧੀ ਦਰਜ ਕੀਤੀਆਂ ਗਈ ਤਿੰਨ ਐਫ.ਆਈ.ਆਰਜ. ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਵਿੱਚ ਦਰਜ ਹੋਰ ਤਿੰਨ ਐਫ.ਆਈ.ਆਰਜ. ਸੀ.ਬੀ.ਆਈ. ਨੂੰ ਸੌਂਪ ਦਿੱਤੀਆਂ ਸਨ। ਉਨਾਂ ਕਿਹਾ ਕਿ ਸੀ.ਬੀ.ਆਈ. ਤੋਂ ਕੇਸਾਂ ਨੂੰ ਵਾਪਸ ਲੈਣ ਤੋਂ ਬਾਅਦ ਚਾਰ ਮਾਮਲਿਆਂ ਵਿੱਚ 23 ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਅਤੇ 15 ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦੋਂ ਕਿ 10 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਹੁਣ ਤੱਕ 10 ਚਲਾਨ ਪੇਸ਼ ਕੀਤੇ ਗਏ ਹਨ।
ਉਨਾਂ ਦੀ ਸਰਕਾਰ ਵੱਲੋਂ ਨਸ਼ਿਆਂ ਦੇ ਸਮੱਸਿਆ ਵਿਰੁੱਧ ਲੜਾਈ ਵਿੱਚ ਹਾਸਲ ਕੀਤੀਆਂ ਗਈਆਂ ਸਫਲਤਾਵਾਂ ਦਾ ਜ਼ਿਕਰ ਕਰਦਿਆਂ ਉਨਾਂ ਦੱਸਿਆ ਕਿ ਹੁਣ ਤੱਕ ਐਨ.ਡੀ.ਪੀ.ਐਸ. ਐਕਟ ਅਧੀਨ 47,510 ਮਾਮਲੇ ਦਰਜ ਕੀਤੇ ਗਏ ਹਨ ਅਤੇ 216 ਵੱਡੀਆਂ ਮੱਛੀਆਂ (5 ਕਿਲੋ ਜਾਂ ਜ਼ਿਆਦਾ ਹੈਰੋਇਨ ਸਮਤੇ ਫੜੇ ਗਏ) ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਨਸ਼ਾ ਛੁਡਾਊ ਪ੍ਰੋਗਰਾਮ ਅਧੀਨ 7 ਲੱਖ ਤੋਂ ਵੱਧ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ।
ਕੋਵਿਡ ਸਥਿਤੀ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਸਾਰੇ ਡਾਕਟਰੀ ਕਰਮਚਾਰੀਆਂ ਦੀ ਮਿਸਾਲੀ ਸੇਵਾ ਬਾਰੇ ਗੱਲ ਕੀਤੀ, ਜਦਕਿ ਪੰਜਾਬ ਦੇ ਲੋਕਾਂ ਦਾ ਇਸ ਖਤਰੇ ਦਾ ਪ੍ਰਭਾਵਸਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਧੰਨਵਾਦ ਕੀਤਾ। ਹਾਲਾਂਕਿ ਉਨਾਂ ਨੇ ਇਹ ਯਕੀਨੀ ਬਣਾਉਣ ਲਈ ਨਿਰੰਤਰ ਚੌਕਸੀ ਦੀ ਜਰੂਰਤ ’ਤੇ ਜੋਰ ਦਿੱਤਾ ਤਾਂ ਜੋ ਮਹਾਂਮਾਰੀ ਵਾਪਸ ਨਾ ਆਵੇ। ਉਨਾਂ ਕਿਹਾ ਕਿ ਸਰਕਾਰ ਮੌਜੂਦਾ ਕਾਲਜਾਂ ਨੂੰ ਅਪਗ੍ਰੇਡ ਕਰਨ ਤੋਂ ਇਲਾਵਾ 5 ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦੀ ਪ੍ਰਕਿਰਿਆ ਸੰਬੰਧੀ ਕਾਰਵਾਈ ਕਰ ਰਹੀ ਹੈ।
ਮੁੱਖ ਮੰਤਰੀ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ 20 ਲੜਕੇ ਅਤੇ ਲੜਕੀਆਂ ਦੀ ਕਾਰਗੁਜਾਰੀ ’ਤੇ ਮਾਣ ਪ੍ਰਗਟ ਕੀਤਾ ਅਤੇ ਕਿਹਾ ਕਿ ਨਕਦ ਇਨਾਮਾਂ ਤੋਂ ਇਲਾਵਾ ਇਨਾਂ ਸਾਰੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਹਾਲਾਂਕਿ, ਉਨਾਂ ਨੇ ਨਿੱਜੀ ਤੌਰ ’ਤੇ ਮਹਿਸੂਸ ਕੀਤਾ ਹੈ ਕਿ ਉਨਾਂ ਦੀਆਂ ਪ੍ਰਾਪਤੀਆਂ ਲਈ ਇਹ ਸਭ ਹਾਲੇ ਕਾਫੀ ਨਹੀਂ ਹੈ।
ਰੁਜਗਾਰ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 62,748 ਸਰਕਾਰੀ ਨੌਕਰੀਆਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ, ਜਦੋਂ ਕਿ 7.4 ਲੱਖ ਨੌਜਵਾਨਾਂ ਨੂੰ ਪ੍ਰਾਈਵੇਟ ਨੌਕਰੀਆਂ ਅਤੇ 10.9 ਲੱਖ ਨੌਜਵਾਨਾਂ ਨੂੰ ਸਵੈ-ਰੁਜਗਾਰ ਦੀ ਸਹੂਲਤ ਦਿੱਤੀ ਗਈ ਹੈ। ਉਨਾਂ ਅੱਗੇ ਕਿਹਾ ਕਿ 1 ਲੱਖ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਉਨਾਂ ਦੀ ਨਿਗਰਾਨੀ ਹੇਠ ਕਣਕ ਅਤੇ ਝੋਨੇ ਦੇ ਬਿਨਾਂ ਕਿਸੇ ਰੁਕਾਵਟ ਅਤੇ ਰਿਕਾਰਡ ਉਤਪਾਦਨ ਦੀ ਸ਼ਲਾਘਾ ਕਰਦਿਆਂ, ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਕਿਸਾਨਾਂ, ਆੜਤੀਆਂ, ਮਜਦੂਰਾਂ ਅਤੇ ਏਜੰਸੀਆਂ ਦੇ ਸਟਾਫ ਦਾ ਧੰਨਵਾਦ ਕੀਤਾ, ਜਿਨਾਂ ਨੇ ਸੂਬੇ ਦੇ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦਣ ਲਈ ਮੁੱਖ ਮੰਤਰੀ ਵੱਲੋਂ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਵਿੱਚ ਸਹਾਇਤਾ ਕੀਤੀ। ਉਨਾਂ ਨੇ 5.83 ਲੱਖ ਕਿਸਾਨਾਂ ਨੂੰ ਦਿੱਤੀ ਗਈ 4700 ਕਰੋੜ ਰੁਪਏ ਦੀ ਕਰਜਾ ਰਾਹਤ ਦੇ ਨਾਲ -ਨਾਲ ਖਰਾਬੇ ਦੀ ਰਾਸ਼ੀ ਵਿੱਚ ਵਾਧੇ ਬਾਰੇ ਵੀ ਗੱਲ ਕੀਤੀ। ਪਿਛਲੇ ਸਾਲ ਕਿਸਾਨਾਂ, ਉਦਯੋਗਾਂ ਅਤੇ ਐਸ.ਸੀਜ/ਬੀ.ਸੀਜ ਨੂੰ ਦਿੱਤੀਆਂ ਗਈਆਂ ਬਿਜਲੀ ਸਬਸਿਡੀਆਂ ਦਾ ਜ਼ਿਕਰ ਕਰਦਿਆਂ, ਉਨਾਂ ਦੁਹਰਾਇਆ ਉਨਾਂ ਦੇ ਸੱਤਾ ਵਿੱਚ ਰਹਿਣ ਤੱਕ ਇਹ ਸਹੂਲਤਾਂ ਜਾਰੀ ਰਹਿਣਗੀਆਂ।
ਮੁੱਖ ਮੰਤਰੀ ਨੇ ਉਨਾਂ ਦੀ ਸਰਕਾਰ ਵੱਲੋਂ ਦਲਿਤਾਂ, ਓ.ਬੀ.ਸੀ. ਅਤੇ ਗਰੀਬਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦਾ ਹਵਾਲਾ ਵੀ ਦਿੱਤਾ, ਜਿਸ ਵਿੱਚ ਪੈਨਸ਼ਨ ਅਤੇ ਆਸ਼ੀਰਵਾਦ ਸਕੀਮ ਅਧੀਨ ਸ਼ਗਨ ਰਾਸ਼ੀ ਵਿੱਚ ਵਾਧੇ ਦੇ ਨਾਲ-ਨਾਲ ਐਸ.ਸੀ. ਪੋਸਟ ਮੈਟਿ੍ਰਕ ਸਕੀਮ, ਜਿਸਨੂੰ ਕੇਂਦਰ ਸਰਕਾਰ ਨੇ ਅਚਾਨਕ ਹੀ ਬੰਦ ਕਰ ਦਿੱਤਾ ਸੀ, ਦੀ ਮੁੜ ਸ਼ੁਰੂਆਤ ਕਰਨਾ ਵੀ ਸ਼ਾਮਲ ਹੈ। ਉਨਾਂ ਦੱਸਿਆ ਕਿ ਐਸ.ਸੀ. ਅਤੇ ਬੀ.ਸੀ. ਕਾਰਪੋਰਸ਼ਨ ਦੇ 14,000 ਤੋਂ ਵੱਧ ਕਰਜਦਾਰਾਂ ਨੂੰ 52 ਕਰੋੜ ਰੁਪਏ ਦੀ ਲਾਗਤ ਨਾਲ ਕਰਜਾ ਰਾਹਤ ਦਿੱਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਆਈ.ਕੇ.ਜੀ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਨੂੰ ਸਮਰਪਿਤ ਇੱਕ ਅਜਾਇਬ ਘਰ ਅਤੇ ਇੱਕ ਇੰਸਟੀਚਿਊਟ ਆਫ ਮੈਨੇਜਮੈਂਟ ਸਥਾਪਿਤ ਕੀਤਾ ਜਾ ਰਿਹਾ ਹੈ।
ਔਰਤਾਂ ਦੀ ਭਲਾਈ ਨੂੰ ਆਪਣੀ ਸਰਕਾਰ ਦੀ ਮੁੱਖ ਤਰਜੀਹ ਦੱਸਦਿਆਂ ਮੁੱਖ ਮੰਤਰੀ ਨੇ ਪੰਚਾਇਤੀ ਰਾਜ ਸੰਸਥਾਵਾਂ ਤੇ ਸਹਿਰੀ ਸਥਾਨਕ ਸਰਕਾਰਾਂ ਦੇ ਨਾਲ-ਨਾਲ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਨੂੰ ਦਿੱਤੇ ਰਾਖਵੇਂਕਰਨ ਦਾ ਜਿਕਰ ਕੀਤਾ। ਇਸ ਤੋਂ ਇਲਾਵਾ ਔਰਤਾਂ ਨੂੰ ਮੁਫਤ ਬੱਸ ਯਾਤਰਾ ਦੀ ਸਹੂਲਤ ਦੇਣ ਦੇ ਨਾਲ ਉਨਾਂ ਦੀ ਸੁਰੱਖਿਆ ਲਈ ਬੱਸਾਂ ਵਿੱਚ ਜੀ.ਪੀ.ਐਸ. ਅਤੇ ਪੈਨਿਕ ਬਟਨ ਵੀ ਲਗਾਏ ਗਏ ਹਨ।
ਸੈਨਿਕਾਂ ਦੀ ਭਲਾਈ ਬਾਰੇ ਚੁੱਕੇ ਗਏ ਕਦਮਾਂ ਦਾ ਜਿਕਰ ਕਰਦਿਆਂ ਉਨਾਂ ਦੱਸਿਆ ਕਿ ਰਾਜ ਸਰਕਾਰ ਵਿੱਚ 82 ਸਹੀਦਾਂ ਦੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ 15 ਹੋਰ ਵਾਰਸਾਂ ਨੂੰ ਵੀ ਜਲਦੀ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਐਕਸ-ਗੇ੍ਰਸ਼ੀਆ ਦੀ ਰਾਸ਼ੀ 12 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕੀਤੀ ਗਈ ਹੈ। ਰਾਜ ਦੇ 4300 ਗਾਰਡੀਅਨਜ ਆਫ ਗਵਰਨੈਂਸ (ਖੁਸ਼ਹਾਲੀ ਦੇ ਰਾਖੇ) ਰਾਜ ਵਿੱਚ ਕੰਮ ਕਰ ਰਹੇ ਹਨ ਤਾਂ ਜੋ ਯੋਜਨਾਵਾਂ ਦੇ ਲਾਭ ਨਾਗਰਿਕਾਂ ਤੱਕ ਪਹੁੰਚਣ ਨੂੰ ਯਕੀਨੀ ਬਣਾਇਆ ਜਾ ਸਕੇ।
ਪਿਛਲੀ ਸਰਕਾਰ ਦੇ ਸਮੇਂ ਨਰੇਗਾ ਸਕੀਮ ਨੂੰ ਪੂਰੀ ਤਰਾਂ ਅਸਫਲ ਦੱਸਦਿਆਂ ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਇਸ ਸਕੀਮ ਅਧੀਨ 3820 ਕਰੋੜ ਰੁਪਏ ਖਰਚ ਕੀਤੇ ਅਤੇ 1165 ਮਨੁੱਖੀ ਦਿਹਾੜੀਆਂ ਪੈਦਾ ਕੀਤੀਆਂ। ਉਨਾਂ ਨੇ ਪੇਂਡੂ ਵਿਕਾਸ ਲਈ ਕੀਤੀਆਂ ਗਈਆਂ ਹੋਰ ਪਹਿਲਕਦਮੀਆਂ ਵਿੱਚ ਸਮਾਰਟ ਪਿੰਡ ਮੁਹਿੰਮ ਅਤੇ ਮਿਸਨ ਲਾਲ ਲਕੀਰ ਦਾ ਵੀ ਹਵਾਲਾ ਦਿੱਤਾ। ਉਨਾਂ ਅੱਗੇ ਕਿਹਾ ਕਿ ਮਾਰਚ 2022 ਤੱਕ ਰਾਜ ਦੇ ਸਾਰੇ 35 ਲੱਖ ਪੇਂਡੂ ਘਰਾਂ ਨੂੰ ਪਾਈਪ ਰਾਹੀਂ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਸਹਿਰੀ ਵਿਕਾਸ ਵੀ ਉਨਾਂ ਦੀ ਸਰਕਾਰ ਦਾ ਤਰਜੀਹੀ ਏਜੰਡਾ ਰਿਹਾ ਹੈ ਜਿਸ ਤਹਿਤ ਸਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਤੇ ਝੁੱਗੀ ਝੌਂਪੜੀਆਂ ਲਈ ਬਸੇਰਾ ਵਰਗੀਆਂ ਪਹਿਲਕਦਮੀਆਂ ਨਾਲ ਸ਼ਹਿਰੀ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ 89 ਫੀਸਦੀ ਸ਼ਹਿਰੀ ਆਬਾਦੀ ਪਹਿਲਾਂ ਹੀ ਪਾਈਪ ਰਾਹੀਂ ਪਾਣੀ ਵਾਲੇ ਪਾਣੀ ਦੀ ਸਪਲਾਈ ਪ੍ਰਾਪਤ ਕਰ ਰਹੀ ਹੈ ਅਤੇ 31 ਮਾਰਚ 2023 ਤੱਕ ਸਮੁੱਚੇ ਰਾਜ ਨੂੰ ਇਸ ਅਧੀਨ ਕਵਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਨਹਿਰੀ ਅਧਾਰਤ ਪਾਣੀ ਦੀ ਸਪਲਾਈ ਹੁਣ ਵੱਡੇ ਕਸਬਿਆਂ ਨੂੰ ਸਪਲਾਈ ਕੀਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਲੋਕਾਂ ਦੁਆਰਾ ਸਾਡੀਆਂ ਨੀਤੀਆਂ ਦੀ ਬਹੁਤ ਪ੍ਰਸੰਸਾ ਕੀਤੀ ਗਈ ਹੈ ਜੋ ਕਿ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਦਿੱਤੇ ਗਏ ਵੱਡੇ ਫਤਵੇ ਵਿੱਚ ਵਿੱਚੋਂ ਝਲਕਦਾ ਹੈ। ਇਹ ਜਿਕਰ ਕਰਦਿਆਂ ਕਿ ਪਹਿਲੀ ਵਾਰ ਪੰਜਾਬ ਨੂੰ ਸਕੂਲੀ ਸਿੱਖਿਆ ਦੇ ਮਾਮਲੇ ਵਿੱਚ ਦੇਸ਼ ਵਿੱਚੋਂ ਪਹਿਲਾ ਦਰਜਾ ਦਿੱਤਾ ਗਿਆ ਹੈ, ਮੁੱਖ ਮੰਤਰੀ ਨੇ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਚੁੱਕੇ ਗਏ ਵੱਖ -ਵੱਖ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ ਜੋ ਕਿ ਨਾ ਸਿਰਫ ਸਕੂਲਾਂ ਵਿੱਚ ਬਲਕਿ ਇਸ ਤੋਂ ਉੱਪਰਲੇ ਪੱਧਰ ’ਤੇ ਵੀ ਕੀਤੇ ਗਏ ਹਨ। ਉਨਾਂ ਕਿਹਾ ਕਿ ਛੇ ਨਵੇਂ ਡਿਗਰੀ ਕਾਲਜ ਪਹਿਲਾਂ ਹੀ ਕਲਾਸਾਂ ਸ਼ੁਰੂ ਕਰ ਚੁੱਕੇ ਹਨ ਜਦੋਂ ਕਿ 12 ਇਸ ਸਾਲ ਸ਼ੁਰੂ ਹੋਣ ਵਾਲੇ ਹਨ ਅਤੇ ਹੋਰ 25 ਡਿਗਰੀ ਕਾਲਜਾਂ ਨੂੰ ਮਨਜੂਰੀ ਦਿੱਤੀ ਗਈ ਹੈ।
ਅਪਰੈਲ 2017 ਤੋਂ ਲੈ ਕੇ ਹੁਣ ਤੱਕ 93,500 ਕਰੋੜ ਰੁਪਏ ਦੇ ਉਦਯੋਗਿਕ ਨਿਵੇਸ਼ ਦੇ ਨਾਲ 2018 ਤੋਂ 2020 ਤੱਕ ਪੰਜਾਬ ਦੀ ਅਰਥ ਵਿਵਸਥਾ ਦੇ ਤੇਜੀ ਨਾਲ ਵਿਕਾਸ ਉੱਤੇ ਸੰਤੁਸ਼ਟੀ ਜਾਹਰ ਕਰਦਿਆਂ ਉਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਦਸੰਬਰ 2021 ਤੋਂ ਪਹਿਲਾਂ ਇਹ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਲਵੇਗਾ। ਉਨਾਂ ਕਿਹਾ ਕਿ 55 ਫੀਸਦੀ ਨਵੀਆਂ ਫੈਕਟਰੀਆਂ ਨੇ ਪਹਿਲਾਂ ਹੀ ਵਪਾਰਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਅਤੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਸਮਾਗਮਾਂ ਦਾ ਹਿੱਸਾ ਬਣਨ ਲਈ ਖੁਦ ਨੂੰ ਖੁਸ਼ਕਿਸਮਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਵਾਰ ਜਦੋਂ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੁੰਦਾ ਹੈ ਤਾਂ ਰਹਿੰਦੇ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਏ ਜਾਣਗੇ। ਉਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 350ਵਾਂ ਜਨਮ ਦਿਹਾੜਾ ਵੀ ਕੋਵਿਡ ਕਾਰਨ ਨਹੀਂ ਮਨਾਇਆ ਜਾ ਸਕਿਆ ਪਰ ਸੂਬਾ ਸਰਕਾਰ ਛੇਤੀ ਹੀ ਸਰਹਿੰਦ ਵਿੱਚ ਮਹਾਨ ਸਿੱਖ ਜਰਨੈਲ ਦਾ ਬੁੱਤ ਸਥਾਪਤ ਕਰੇਗੀ। ਕਰਤਾਰਪੁਰ ਲਾਂਘੇ ਦੇ ਬੰਦ ਹੋਣ ਲਈ ਕੋਵਿਡ ਨੂੰ ਵੱਡਾ ਕਾਰਨ ਦੱਸਦਿਆਂ ਮੁੱਖ ਮੰਤਰੀ ਨੇ ਲਾਂਘੇ ਨੂੰ ਜਲਦ ਤੋਂ ਜਲਦ ਖੋਲਣ ਦਾ ਮਾਮਲਾ ਉਠਾਉਣ ਲਈ ਭਾਰਤ ਸਰਕਾਰ ਨੂੰ ਮੁੜ ਬੇਨਤੀ ਕੀਤੀ ਤਾਂ ਜੋ ਸਿੱਖ ਸੰਗਤ ਖੁੱਲੇ ਦਰਸ਼ਨ ਦੀਦਾਰ ਲਈ ਜਾ ਸਕੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ