ਵਿਦੇਸ਼ੀ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਅੱਤਵਾਦੀ ਸਰੂਪ ਸਿੰਘ ਜੋ ਕਿ ਤਰਨਤਾਰਨ ਦੇ ਪਿੰਡ ਜੌਹਲ ਧਾਈਵਾਲਾ ਦਾ ਰਹਿਣ ਵਾਲਾ ਹੈ, ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਵਿੱਚ ਇੱਕ ਹੋਰ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਉਸ ਪਾਸੋਂ ਚੀਨ ਦੇ ਬਣੇ ਪੀ-86 ਮਾਰਕੇ ਦੇ 2 ਜ਼ਿੰਦਾ ਹੱਥਗੋਲੇ ਵੀ ਬਰਾਮਦ ਕੀਤੇ ਗਏ ਹਨ। ਡੀ.ਜੀ.ਪੀ. ਨੇ ਦੱਸਿਆ ਕਿ ਸਰੂਪ ਸਿੰਘ ਨੂੰ ਤਰਨਤਾਰਨ ਪੁਲਿਸ ਵੱਲੋਂ ਸੋਮਵਾਰ ਨੂੰ ਅੰਮ੍ਰਿਤਸਰ-ਹਰੀਕੇ ਰੋਡ ‘ਤੇ ਇੱਕ ਚੌਕੀ ਵਿਖੇ ਸ਼ੱਕ ਦੇ ਆਧਾਰ ‘ਤੇ ਫੜਿਆ ਗਿਆ ਸੀ।
ਇਹ ਗ੍ਰਿਫ਼ਤਾਰੀ ਉਸ ਸਮੇਂ ਹੋਈ ਹੈ ਜਦੋਂ ਪੰਜਾਬ ਵਿੱਚ ਹੱਥਗੋਲਿਆਂ ਅਤੇ ਆਰਡੀਐਕਸ ਨਾਲ ਭਰੇ ਟਿਫਿਨ ਬਾਕਸਾਂ ਤੋਂ ਇਲਾਵਾ ਹੋਰ ਹਥਿਆਰ ਅਤੇ ਗੋਲੀ ਸਿੱਕੇ ਦੀ ਬਰਾਮਦਗੀ ਹੋ ਰਹੀ ਹੈ, ਜੋ ਕਿ ਵਿਦੇਸ਼ ਆਧਾਰਤ ਅੱਤਵਾਦੀ ਆਗੂਆਂ ਅਤੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਵੱਡੀਆਂ ਕੋਸ਼ਿਸ਼ਾਂ ਦਾ ਸੰਕੇਤ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ 8 ਅਗਸਤ, 2021 ਨੂੰ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੋਪੋਕੇ ਦੇ ਪਿੰਡ ਦੱਲੇਕੇ ਤੋਂ ਟਿਫਿਨ ਬੰਬ ਦੇ ਨਾਲ ਨਾਲ ਉਪਰੋਕਤ ਮਾਰਕੇ ਨਾਲ ਮਿਲਦੇ ਜੁਲਦੇ ਪੰਜ ਹੱਥਗੋਲੇ ਬਰਾਮਦ ਕੀਤੇ ਸਨ ਜਦੋਂ ਕਿ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਅੰਮ੍ਰਿਤਸਰ ਵੱਲੋਂ ਵੀ 16 ਅਗਸਤ, 2021 ਨੂੰ ਅੰਮ੍ਰਿਤਪਾਲ ਸਿੰਘ ਅਤੇ ਸ਼ੰਮੀ ਕੋਲੋਂ ਹੋਰ ਹਥਿਆਰਾਂ ਸਮੇਤ ਉਪਰੋਕਤ ਮਾਰਕੇ ਅਤੇ ਮਾਡਲ (ਪੀ-86) ਦੇ ਦੋ ਹੱਥਗੋਲੇ ਬਰਾਮਦ ਕੀਤੇ ਗਏ ਸਨ।
ਇਸੇ ਤਰ੍ਹਾਂ, ਕਪੂਰਥਲਾ ਪੁਲਿਸ ਵੱਲੋਂ 20 ਅਗਸਤ, 2021 ਨੂੰ ਫਗਵਾੜਾ ਤੋਂ ਗੁਰਮੁਖ ਸਿੰਘ ਬਰਾੜ ਅਤੇ ਉਸ ਦੇ ਸਾਥੀ ਪਾਸੋਂ ਇਸੇ ਤਰ੍ਹਾਂ ਦੇ ਦੋ ਜ਼ਿੰਦਾ ਹੱਥਗੋਲੇ, ਇੱਕ ਜ਼ਿੰਦਾ ਟਿਫਿਨ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਸੀ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਸਰੂਪ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਅਧਾਰਤ ਅੱਤਵਾਦੀ ਸੰਚਾਲਕਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਹੋਰ ਕੱਟੜਪੰਥੀ ਬਣਾਇਆ ਅਤੇ ਪੰਜਾਬ ਵਿੱਚ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਲਈ ਪ੍ਰੇਰਿਤ ਕੀਤਾ।
ਡੀਜੀਪੀ ਨੇ ਦੱਸਿਆ ਕਿ ਸਰੂਪ ਨੇ ਅੱਗੇ ਖੁਲਾਸਾ ਕੀਤਾ ਕਿ ਉਸ ਦੇ ਵਿਦੇਸ਼ੀ ਸੰਚਾਲਕਾਂ ਨੇ ਉਸ ਲਈ 2 ਹੱਥਗੋਲਿਆਂ ਦੀ ਖੇਪ ਦਾ ਪ੍ਰਬੰਧ ਕੀਤਾ। ਉਹਨਾਂ ਅੱਗੇ ਦੱਸਿਆ ਕਿ ਸਰੂਪ ਪਹਿਲਾਂ ਹੀ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਕੁਝ ਸੰਵੇਦਨਸ਼ੀਲ ਟਾਰਗੇਟਾਂ ਦੀ ਰੈਕੀ ਕਰ ਚੁੱਕਾ ਸੀ। ਉਹਨਾਂ ਅੱਗੇ ਦੱਸਿਆ ਕਿ ਮੁਲਜ਼ਮ ਦੇ ਮੋਬਾਈਲ ਫੋਨ ਵਿੱਚੋਂ ਉਸ ਦੇ ਵਿਦੇਸ਼ੀ ਸੰਚਾਲਕਾਂ ਵੱਲੋਂ ਹੱਥਗੋਲੇ ਨੂੰ ਸਫ਼ਲਤਾਪੂਰਵਕ ਵਿਸਫੋਟ ਕਰਨ ਬਾਰੇ ਦੱਸਦੇ ਹੋਏ ਇੱਕ ਸਿਖਲਾਈ ਵੀਡੀਓ ਵੀ ਬਰਾਮਦ ਕੀਤੀ ਗਈ ਹੈ।
ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਵਿਆਪਕ ਅੱਤਵਾਦੀ ਨੈੱਟਵਰਕ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਖੇਪਾਂ ਸਰਹੱਦ ਪਾਰੋਂ ਵੱਖ-ਵੱਖ ਅੱਤਵਾਦੀ ਸੰਗਠਨਾਂ ਵੱਲੋਂ ਪੰਜਾਬ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਭੇਜੀਆਂ ਜਾ ਰਹੀਆਂ ਹਨ। ਇਸ ਦੌਰਾਨ, ਐਫਆਈਆਰ ਨੰਬਰ 217 ਮਿਤੀ 30 ਅਗਸਤ, 2021 ਨੂੰ ਵਿਸਫੋਟਕ ਪਦਾਰਥ (ਸੋਧ) ਐਕਟ ਦੀ ਧਾਰਾ 3, 4 ਅਤੇ 5 ਅਧੀਨ ਸਿਟੀ ਪੁਲਿਸ ਸਟੇਸ਼ਨ ਤਰਨਤਾਰਨ ਵਿਖੇ ਦਰਜ ਕੀਤੀ ਗਈ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ