ਵਪਾਰੀਆਂ ਨੂੰ ਮਿਲਣ ਵਾਲਾ ਜਲਦ ਵੱਡਾ ਤੋਹਫ਼ਾ, ਮੁਹਾਲੀ ਵਿਖੇ ਕਾਰਗੋ ਕੰਪਲੈਕਸ ਹੋਇਆ ਤਿਆਰ

ਪੰਜਾਬ ਸਮੇਤ ਹਰਿਆਣਾ ਅਤੇ ਹਿਮਾਚਲ ਦੇ ਵਪਾਰੀਆਂ ਲਈ ਵੱਡੀ ਸੌਗਾਤ ਤਿਆਰ ਹੋ ਚੁੱਕੀ ਹੈ ਜਿਸ ਨਾਲ ਉਹਨਾਂ ਦਾ ਰੁਪਇਆ ਅਤੇ ਸਮਾਂ ਦੋਵੇਂ ਬਚੇਗਾ। ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕਾਰਗੋ ਕੰਪਲੈਕਸ ਨੂੰ ਇਸ ਨਵੰਬਰ ਤੋਂ ਚਾਲੂ ਕਰ ਦਿੱਤਾ ਜਾਵੇਗਾ। ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਬੱਸੀ ਪਠਾਣਾ ਵਿਖੇ ਇੱਕ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ ਨੂੰ ਇਸ ਮਹੀਨੇ ਦੇ ਅੰਤ ਤੱਕ ਖੋਲ੍ਹ ਦਿੱਤਾ ਜਾਵੇਗਾ। ਮੁੱਖ ਸਕੱਤਰ ਵਿਨੀ ਮਹਾਜਨ ਨੇ ਅਹਿਮ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਜਨਤਕ ਨਿਵੇਸ਼ ਪ੍ਰਬੰਧਨ (ਪੀਆਈਐਮ) ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ ਤਾਂ ਜੋ ਇਨ੍ਹਾਂ ਦੇ ਛੇਤੀ ਮੁਕੰਮਲ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ।

ਮੁੱਖ ਸਕੱਤਰ ਨੂੰ ਮੀਟਿੰਗ ਵਿੱਚ ਦੱਸਿਆ ਕਿ 795.42 ਕਰੋੜ ਰੁਪਏ ਦੇ 10 ਵੱਡੇ ਬੁਨਿਆਦੀ ਢਾਂਚਾ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ। ਇਨ੍ਹਾਂ ਵਿੱਚ ਬੱਸੀ ਪਠਾਣਾ ਦਾ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ, ਫਾਜ਼ਿਲਕਾ ਵਿੱਚ 100 ਬੈਡਾਂ ਵਾਲਾ ਹਸਪਤਾਲ, ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਬਹੁ ਮੰਜਿਲਾ ਕਾਰ ਪਾਰਕਿੰਗ, ਗੋਇੰਦਵਾਲ ਸਾਹਿਬ ਵਿੱਚ ਕੇਂਦਰੀ ਸੁਧਾਰ ਘਰ, ਭਵਾਨੀਗੜ੍ਹ ਦੇ ਰੌਸ਼ਨਵਾਲਾ ਅਤੇ ਮੁਕਤਸਰ ਦੇ ਦਾਨੇਵਾਲਾ ਪਿੰਡ ਵਿਖੇ ਸਰਕਾਰੀ ਡਿਗਰੀ ਕਾਲਜ, ਚੰਡੀਗੜ੍ਹ-ਲੁਧਿਆਣਾ ਕੌਮੀ ਮਾਰਗ (ਐਨਐਚ -05) ਤੋਂ ਲੁਧਿਆਣਾ ਦੇ ਧਨਾਨਸੂ ਪਿੰਡ ਵਿੱਚ ਹਾਈ-ਟੈਕ ਸਾਈਕਲ ਵੈਲੀ ਤੱਕ ਕੰਕਰੀਟ ਰੋਡ, ਲੁਧਿਆਣਾ ਦਾ ਦੱਖਣੀ ਬਾਈਪਾਸ, ਰਾਹੋਂ-ਮਾਛੀਵਾੜਾ-ਸਮਰਾਲਾ-ਖੰਨਾ ਸੜਕ ਅਤੇ ਮਾਲੇਰਕੋਟਲਾ ਵਿੱਚ ਮਾਲੇਰਕੋਟਲਾ-ਖੰਨਾ ਜੰਕਸ਼ਨ ਵਿਖੇ ਲੁਧਿਆਣਾ-ਸੰਗਰੂਰ ਰੋਡ ‘ਤੇ ਫਲਾਈਓਵਰ (ਜਰਗ ਚੌਕ) ਸ਼ਾਮਲ ਹਨ।

ਸ਼ਹਿਰੀ ਹਵਾਬਾਜ਼ੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਇੰਟੀਗ੍ਰੇਟਿਡ ਕਾਮਨ ਯੂਜ਼ ਕਾਰਗੋ ਟਰਮੀਨਲ ਦੇ ਸਿਵਲ ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਇਸ ਨੂੰ ਕਾਰਜਸ਼ੀਲ ਕਰਨ ਲਈ ਲੋੜੀਂਦੇ ਉਪਕਰਣ ਖਰੀਦੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕਾਰਗੋ ਕੰਪਲੈਕਸ 30 ਨਵੰਬਰ ਤੱਕ ਚਾਲੂ ਕਰ ਦਿੱਤਾ ਜਾਵੇਗਾ। ਅੰਮ੍ਰਿਤਸਰ ਹਵਾਈ ਅੱਡੇ ਵਿਖੇ ਕਾਰਗੋ ਕੰਪਲੈਕਸ ਦੀ ਪ੍ਰਗਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦੋਵਾਂ ਕਾਰਗੋ ਕੰਪਲੈਕਸਾਂ ਲਈ ਉਦਯੋਗਿਕ ਸੈਸ਼ਨ ਕਰੇਗੀ।

ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸਥਿਤੀ ਬਾਰੇ ਉਨ੍ਹਾਂ ਦੱਸਿਆ ਕਿ ਚਾਰ ਦੀਵਾਰੀ ਦਾ ਨਿਰਮਾਣ ਕਾਰਜ ਮੁਕੰਮਲ ਹੋ ਚੁੱਕਾ ਹੈ ਜਦੋਂ ਕਿ ਅੰਤਰਿਮ ਟਰਮੀਨਲ ਦੀ ਇਮਾਰਤ ਅਤੇ ਐਪਰਨ ਦੀ ਉਸਾਰੀ ਦਾ ਕਾਰਜ ਛੇਤੀ ਹੀ ਸ਼ੁਰੂ ਹੋ ਜਾਵੇਗਾ। ਸਹਿਕਾਰਤਾ ਦੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਨੇ ਦੱਸਿਆ ਕਿ ਬੱਸੀ ਪਠਾਣਾ ਵਿੱਚ ਵੇਰਕਾ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ ਦਾ ਕਾਰਜ 138.22 ਕਰੋੜ ਦੀ ਕੁੱਲ ਲਾਗਤ ਨਾਲ ਮੁਕੰਮਲ ਹੋ ਗਿਆ ਹੈ। ਮਹਾਜਨ ਨੇ ਵਿਭਾਗ ਨੂੰ 30 ਸਤੰਬਰ ਤੱਕ ਪਲਾਂਟ ਖੋਲ੍ਹਣ ਲਈ ਕਿਹਾ ਤਾਂ ਜੋ ਕਿਸਾਨਾਂ ਦੀ ਡੇਅਰੀ ਤੋਂ ਹੋਣ ਵਾਲੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।

ਕਜੌਲੀ ਵਾਟਰ ਵਰਕਸ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਪਿੰਡ ਸਿੰਘਪੁਰ ਵਿਖੇ 20 ਐਮਜੀਡੀ ਸਮਰੱਥਾ ਵਾਲੇ ਵਾਟਰ ਟਰੀਟਮੈਂਟ ਪਲਾਂਟ ਦਾ ਨਿਰਮਾਣ ਪ੍ਰਗਤੀ ਅਧੀਨ ਹੈ ਅਤੇ ਇਹ 30 ਨਵੰਬਰ ਤੱਕ ਮੁਕੰਮਲ ਹੋ ਜਾਵੇਗਾ। ਇਸ ਦੇ ਨਾਲ ਹੀ ਖਰੜ ਅਤੇ ਕੁਰਾਲੀ ਦੇ ਨਾਲ ਲੱਗਦੇ ਕਸਬਿਆਂ ਲਈ 6 ਐਮਜੀਡੀ ਪਾਣੀ ਉਪਲਬਧ ਕਰਵਾਇਆ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਏਅਰੋਟਰੋਪੋਲਿਸ ਹਾਊਸਿੰਗ ਪ੍ਰੋਜੈਕਟ ਲਈ ਲੈਂਡ ਪੂਲਿੰਗ ਸਕੀਮ ਤਹਿਤ 650 ਹੈਕਟੇਅਰ ਜ਼ਮੀਨ ਲਈ ਜ਼ਮੀਨ ਮਾਲਕਾਂ ਨੂੰ ਪਹਿਲਾਂ ਹੀ ਲੈਟਰਸ ਆਫ਼ ਇੰਨਟੈਂਟ ਜਾਰੀ ਕੀਤੇ ਜਾ ਚੁੱਕੇ ਹਨ। ਪੀਣ ਯੋਗ ਪਾਣੀ ਦੀ ਸਪਲਾਈ, ਸੀਵਰੇਜ ਅਤੇ ਕੇਂਦਰੀ ਸੜਕਾਂ ਨਾਲ ਸਬੰਧਤ ਵਿਕਾਸ ਕਾਰਜ ਜਲਦ ਹੀ ਸ਼ੁਰੂ ਕੀਤੇ ਜਾਣਗੇ।

ਇਸ ਤੋਂ ਇਲਾਵਾ, ਮੀਟਿੰਗ ਦੌਰਾਨ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ ਅਤੇ ਮੋਹਾਲੀ ਵਿੱਚ ਮੈਡੀਕਲ ਕਾਲਜਾਂ ਦੀ ਪ੍ਰਗਤੀ, ਅੰਮ੍ਰਿਤਸਰ ਵਿੱਚ ਸਟੇਟ ਕੈਂਸਰ ਕੇਂਦਰ, ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ, ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰਾਂ ਦੀ ਰੀਲਾਈਨਿੰਗ ਅਤੇ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰਾ ਸਿੰਘ ਸਪੋਰਟਸ ਯੂਨੀਵਰਸਿਟੀ ਦੇ ਨਿਰਮਾਣ ਦੀ ਵੀ ਸਮੀਖਿਆ ਕੀਤੀ ਗਈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਵੱਡਾ ਝਟਕਾ, ਇੱਕੋ ਵਾਰ ‘ਚ ਐਲਾਨ ਦਿੱਤੇ 64 ਉਮੀਦਵਾਰ

ਪੰਜਾਬ ਚੋਣਾਂ ਲਈ ਮੱਧ ਪ੍ਰਦੇਸ਼ ਤੋਂ ਆ ਰਹੀਆਂ ਮਸ਼ੀਨਾਂ, ਪੋਲਿੰਗ ਬੂਥਾਂ ਦੀ ਗਿਣਤੀ ਵਧਾਈ ਗਈ