“ਸੋਨੂੰ ਸੂਦ” ਇੱਕ ਅਜਿਹਾ ਨਾਮ ਜੋ ਹਰ ਭਾਰਤੀ ਦੇ ਜ਼ੁਬਾਨ ‘ਤੇ ਰਿਹਾ, ਬਹੁਤਿਆਂ ਨੇ ਸਰਹਾਇਆ ਤੇ ਕਈਆਂ ਨੇ ਸਵਾਲ ਕੀਤੇ। ਸੋਨੂੰ ਸੂਦ ਨੇ ਕੋਰੋਨਾ ਲਾਕਡਾਊਨ ਦੌਰਾਨ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਮਦਦ ਕੀਤੀ। ਹੁਣ ਓਸੇ ਅਦਾਕਾਰ ਦੇ ਘਰ IT ਵਿਭਾਗ ਨੇ ਛਾਪੇਮਾਰੀ ਕੀਤੀ ਹੈ ਅਤੇ 6 ਥਾਵਾਂ ‘ਤੇ ਜਾਂਚ ਕੀਤੀ ਜਾ ਰਹੀ ਹੈ। ਸੋਨੂੰ ਸੂਦ ਇਨਕਮ ਟੈਕਸ ਵਿਭਾਗ ਦੀ ਰਾਡਾਰ ਹੇਠ ਹਨ ਅਤੇ ਲਗਾਤਾਰ ਉਹਨਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਆਮਦਨ ਟੈਕਸ ਐਕਟ, 1961 ਦੀ ਧਾਰਾ 133-ਏ ਦੇ ਸੰਬੰਧ ਵਿੱਚ ‘ਖਾਤਿਆਂ ਦਾ ਨਿਰੀਖਣ’ ਕਰਨ ਵਿੱਚ ਆਮਦਨ ਕਰ ਵਿਭਾਗ ਦੇ ਅਧਿਕਾਰੀ ਸਿਰਫ ਕਾਰੋਬਾਰੀ ਥਾਵਾਂ ‘ਤੇ ਛਾਪੇਮਾਰੀ ਕਰ ਸਕਦੇ ਹਨ, ਪਰ IT ਵਿਭਾਗ ਸਿੱਧਾ ਸੋਨੂੰ ਸੂਦ ਦੇ ਘਰ ਜਾ ਪਹੁੰਚਿਆ।
ਸੋਨੂੰ ਸੂਦ ਨੇ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਨਾਲ ਦਿੱਲੀ ਵਿੱਚ ਇੱਕ ਖ਼ਾਸ ਪ੍ਰੋਗਰਾਮ ਲਈ ਹੱਥ ਮਿਲਾਇਆ ਸੀ। ਇਸ ਖ਼ਾਸ ਪ੍ਰੋਗਰਾਮ ਤਹਿਤ ਸੋਨੂੰ ਸੂਦ ਪੂਰੇ ਭਾਰਤ ਦੇ ਵਿਦਿਆਰਥੀਆਂ ਲਈ ਮੈਂਟਰ ਬਣੇ ਹਨ ਅਤੇ ਦਿੱਲੀ ਸਰਕਾਰ ਦੇ ਬ੍ਰਾਂਡ ਅੰਬੈਸਡਰ ਬਣਾਏ ਗਏ ਹਨ। ਇਸ ਮਾਮਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵੱਲੋਂ ਸੋਨੂੰ ਸੂਦ ਨਾਲ ਮਿਲਕੇ ਸਾਂਝੇ ਤੌਰ ‘ਤੇ ਪ੍ਰੈਸ ਕਾਨਫ਼ਰੰਸ ਵੀ ਕੀਤੀ ਸੀ। ਹੁਣ ਸਵਾਲ ਇਹ ਹੈ ਕਿ, ਕੀ ਇਸੇ ਗੱਲ ਤੋਂ ਭਾਜਪਾ ਕੇਂਦਰ ਸਰਕਾਰ ਵੱਲੋਂ ਸੋਨੂੰ ਸੂਦ ਦੇ ਘਰ ਛਾਪੇਮਾਰੀ ਕਰਵਾਈ ਜਾ ਰਹੀ ਹੈ ? ਮੋਦੀ ਸਰਕਾਰ ਦੀ ਵਾਹੋ-ਵਾਹੀ ਨਾ ਕਰਨ ਦਾ ਨਤੀਜਾ ਸੋਨੂੰ ਸੂਦ ਭੁਗਤ ਰਹੇ ਹਨ ?
ਸੋਨੂੰ ਸੂਦ ਨੇ ਨਿਰਸਵਾਰਥ ਹੋਕੇ ਲੋਕਾਂ ਦੀ ਕੋਰੋਨਾ ਸਮੇਂ ਵਿੱਚ ਮਦਦ ਕੀਤੀ ਅਤੇ ਕਈਆਂ ਨੂੰ ਆਪਣੇ ਘਰ ਪਹੁੰਚਾਇਆ ਅਤੇ ਜ਼ਿੰਦਗੀਆਂ ਬਚਾਈਆਂ। ਇਸ ਦੌਰਾਨ ਅਦਾਕਾਰ ਸੋਨੂੰ ਸੂਦ ਦਾ ਨਾਮ ਕਿਸੇ ਵੱਡੇ ਸਿਆਸੀ ਲੀਡਰ ਤੋਂ ਜਿਆਦਾ ਮਸ਼ਹੂਰ ਹੋਇਆ। ਫ਼ਿਲਮਾਂ ਵਿੱਚ ਖ਼ਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਸੋਨੂੰ ਅਸਲ ਜ਼ਿੰਦਗੀ ਵਿੱਚ ਨਾਇਕ ਬਣੇ ਸਨ। ਸੋਨੂੰ ਸੂਦ ਵੱਲੋਂ ਸਿਆਸਤ ਤੋਂ ਦੂਰੀ ਰੱਖੀ ਪਰ ਸਿਆਸਤ ਨੇ ਸੋਨੂੰ ਸੂਦ ਤੋਂ ਦੌੜ ਨਹੀਂ ਬਣਾਈ। ਸੋਨੂੰ ਸੂਦ ਦੀ ਭੈਣ ਪੰਜਾਬ ਵਿੱਚ ਚੋਣਾਂ ਲੜਨ ਦਾ ਵਿਚਾਰ ਕਰ ਰਹੇ ਹਨ ਇਸ ਲਈ ਵੀ ਇਸ ਨੂੰ ਸਿਆਸਤ ਦੇ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ