ਹੁਣ ਸ਼ਨੀਵਾਰ ਦਾ ਕੋਈ ਬਹਾਨਾ ਨਹੀਂ, ਰਾਜਾ ਵੜਿੰਗ ਨੇ ਕੱਸੇ ਟਰਾਂਸਪੋਰਟ ਵਿਭਾਗ ਦੇ ਨੱਟ ਬੋਲਟ

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਪਿਛਲੇ ਦਿਨੀਂ ਜਾਰੀ ਕੀਤੇ ਨਿੱਜੀ ਵੱਟਸਐਪ ਨੰਬਰ ਉਪਰ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫ਼ਿਕੇਟਾਂ ਅਤੇ ਹਾਈ ਸਕਿਊਰਿਟੀ ਨੰਬਰਾਂ ਪਲੇਟਾਂ ਵਿੱਚ ਦੇਰੀ ਅਤੇ ਲੰਬਤ ਮਾਮਲਿਆਂ ਦੀਆਂ ਸ਼ਿਕਾਇਤਾਂ ਮਿਲਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਇਸ ਪ੍ਰਕਿਰਿਆ ਨੂੰ ਸਮਾਂਬੱਧ, ਦਰੁਸਤ ਅਤੇ ਤੇਜ਼ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।

ਪੰਜਾਬ ਸਿਵਲ ਸਕੱਤਰੇਤ ਵਿਖੇ ਰਾਜਾ ਵੜਿੰਗ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰਦੇਸ ਦਿੱਤੇ ਕਿ ਉਹ ਲੰਬਤ ਮਾਮਲਿਆਂ ਦੇ ਨਿਬੇੜੇ ਲਈ ਸ਼ਨੀਵਾਰ ਨੂੰ ਕੰਮ ਕਰਨ ਅਤੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਸਾਰੇ 32 ਡਰਾਈਵਿੰਗ ਟੈਸਟ ਟ੍ਰੈਕ ਖੋਲ ਕੇ ਰੱਖਣ। ਉਨਾਂ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਬਿਨੈਕਾਰ ਨੂੰ ਪਸੰਦੀਦਾ ਥਾਂ ਅਤੇ ਤਰੀਕ ਚੁਣਨ ਵਾਸਤੇ 30 ਦਿਨ ਦੀ ਦਿੱਤੀ ਗਈ ਸਮਾਂ ਹੱਦ ਨੂੰ ਵਧਾ ਕੇ 45 ਦਿਨ ਕਰਨ ਦੇ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਅਮਰਬੀਰ ਸਿੰਘ ਸਿੱਧੂ, ਡਿਪਟੀ ਸਟੇਟ ਟਰਾਂਸਪੋਰਟ ਕਮਿਸ਼ਨਰ ਮਨਜੀਤ ਸਿੰਘ, ਟੈਕਨੀਕਲ ਡਾਇਰੈਕਟਰ ਐਨ.ਆਈ.ਸੀ. ਤਰਮਿੰਦਰ ਸਿੰਘ, ਸਮਾਰਟ ਚਿੱਪ ਕੰਪਨੀ ਦੇ ਜ਼ੋਨਲ ਹੈਡ ਅਮਰਪਾਲ ਸਿੰਘ, ਜਨਰਲ ਪੋਸਟ ਆਫ਼ਿਸ ਤੋਂ ਪੋਸਟਲ ਡਿਵੀਜ਼ਨ ਮੈਨੇਜਰ ਭਾਨੂ ਸਹਾਏ ਕਾਲੀਆ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਸ਼ਾਮਲ ਰਹੇ।

ਟਰਾਂਸਪੋਰਟ ਵਿਭਾਗ ਵੱਲੋਂ ਸਮਾਰਟ ਡਰਾਈਵਿੰਗ ਲਾਈਸੈਂਸ ਬਣਾਉਣ ਵਾਲੀ ਚੰਡੀਗੜ ਸਥਿਤ ਕੇਂਦਰੀਕ੍ਰਿਤ ਕੰਪਨੀ “ਸਮਾਰਟ ਚਿੱਪ” ਨੂੰ ਡਰਾਈਵਿੰਗ ਲਾਈਸੈਂਸ ਬਣਾਉਣ ਦੀ ਤਿੰਨ ਦਿਨ ਦੀ ਨਿਰਧਾਰਤ ਸਮਾਂ ਹੱਦ ਮੁਤਾਬਕ ਕੰਮ ਕਰਨ ਦੇ ਨਿਰਦੇਸ਼ ਦਿੰਦਿਆਂ ਰਾਜਾ ਵੜਿੰਗ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਕੰਪਨੀ ਵੱਲੋਂ ਦੇਰੀ ਕਰਨ ‘ਤੇ ਜੁਰਮਾਨਾ ਲਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸੇ ਤਰਾਂ ਟਰਾਂਸਪੋਰਟ ਮੰਤਰੀ ਨੇ ਪੋਸਟਲ ਅਧਿਕਾਰੀਆਂ ਨੂੰ ਸੂਬੇ ਦੇ ਡਾਕਘਰਾਂ ਤੋਂ ਲੋਕਾਂ ਨੂੰ ਲਾਈਸੈਂਸ ਪ੍ਰਾਪਤ ਕਰਨ ਦਾ 7 ਦਿਨ ਦਾ ਸਮਾਂ ਵਧਾ ਕੇ 15 ਦਿਨ ਕਰਨ ਲਈ ਚਾਰਾਜੋਈ ਕਰਨ ਲਈ ਕਿਹਾ। ਉਨਾਂ ਕਿਹਾ ਕਿ ਜੇਕਰ ਡਾਕਘਰਾਂ ਤੋਂ ਲੋਕਾਂ ਨੂੰ ਡਰਾਈਵਿੰਗ ਲਾਈਸੈਂਸ ਪ੍ਰਾਪਤ ਕਰਨ ਦਾ ਸਮਾਂ 15 ਦਿਨ ਕਰ ਦਿੱਤਾ ਜਾਂਦਾ ਹੈ ਤਾਂ ਲਾਈਸੈਂਸ ਨਾ ਮਿਲਣ ਆਦਿ ਦੀਆਂ ਸ਼ਿਕਾਇਤਾਂ ਵਿੱਚ ਜ਼ਾਹਰਾ ਤੌਰ ‘ਤੇ ਵੱਡੀ ਕਮੀ ਆਵੇਗੀ।

ਵੱਟਸਐਪ ਨੰਬਰ ‘ਤੇ ਮਿਲੀਆਂ ਸ਼ਿਕਾਇਤਾਂ ਦਾ ਹੱਲ ਕਰਨ ਉਪਰੰਤ ਰਾਜਾ ਵੜਿੰਗ ਨੇ ਜ਼ਿਲਾ ਲੁਧਿਆਣਾ ਦੇ ਪਿੰਡ ਈਸੜੂ ਦੇ ਜਗਬੀਰ ਸਿੰਘ ਨੂੰ ਉਸ ਦੇ ਨਵੇਂ ਹੌਂਡਾ ਐਕਟਿਵਾ ਅਤੇ ਜ਼ਿਲਾ ਮਾਨਸਾ ਦੇ ਬੁਢਲਾਡਾ ਸ਼ਹਿਰ ਦੇ ਅਵਿਨਾਸ਼ ਗੋਇਲ ਨੂੰ ਉਸ ਦੀ ਕਾਰ ਦੀ ਆਰ.ਸੀ. ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਉਨਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਕਿਸੇ ਵੀ ਸ਼ਿਕਾਇਤ ਜਾਂ ਸੁਝਾਅ ਲਈ ਉਨਾਂ ਦੇ ਨਿੱਜੀ ਵੱਟਸਐਪ ਨੰਬਰ 94784-54701 ‘ਤੇ ਬੇਝਿਜਕ ਸਾਂਝੀ ਕਰਨ।

ਟਰਾਂਸਪੋਰਟ ਵਿਭਾਗ ਨਾਲ ਸਬੰਧਤ ਲੰਬਤ ਮਾਮਲਿਆਂ ਦੇ ਨਿਬੇੜੇ ਲਈ ਜ਼ਿਲਾ ਪੱਧਰ ‘ਤੇ “ਵਿਸ਼ੇਸ਼ ਮੇਲੇ” ਲਾਉਣ ਦਾ ਸੁਝਾਅ ਦਿੰਦਿਆਂ ਰਾਜਾ ਵੜਿੰਗ ਨੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਨੂੰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਲੇਠਾ “ਵਿਸ਼ੇਸ਼ ਮੇਲਾ” ਲਾਉਣ ਲਈ ਕਿਹਾ। ਉਨਾਂ ਕਿਹਾ ਕਿ ਜ਼ਿਲਾ ਪੱਧਰ ‘ਤੇ ਇੱਕ ਦਿਨਾ “ਵਿਸ਼ੇਸ਼ ਮੇਲੇ” ਲਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਿਹਤਯਾਬੀ ਲਈ ਦੁਆਵਾਂ

ਤਰਸ ਦੇ ਅਧਾਰ ‘ਤੇ 22 ਹੋਰ ਲੋਕਾਂ ਨੂੰ ਮਿਲੀ ਪੰਜਾਬ ਸਰਕਾਰ ‘ਚ ਨੌਕਰੀ