2021 ਦੇ ਦੁਸ਼ਹਿਰੇ ਦੀ ਸਵੇਰ ਸਿੰਘੂ ਬਾਰਡਰ ਨਜ਼ਦੀਕ ਲੱਗੀ ਕਿਸਾਨਾਂ ਦੀ ਸਟੇਜ ਦੇ ਸਾਹਮਣੇ ਇੱਕ ਵਿਅਕਤੀ ਦੀ ਲਾਸ਼ ਲਮਕਦੀ ਮਿਲੀ ਜਿਸ ਤੋਂ ਬਾਅਦ ਹਰ ਕੋਈ ਇਸ ਮਾਮਲੇ ਦੀ ਤਹਿ ਤੱਕ ਪਹੁੰਚਣਾ ਚਾਹੁੰਦਾ ਹੈ। ਜਾਣਕਰੀ ਮੁਤਾਬਕ ਇੱਕ ਵਿਅਕਤੀ ਸਿੰਘੂ ਦੀ ਸਟੇਜ ਨਜ਼ਦੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਪਹੁੰਚਿਆ ਸੀ ਜਿਸ ਮਗਰੋਂ ਉਸਦਾ ਕਤਲ ਕਰਕੇ, ਹੱਥ ਵੱਢਕੇ ਉਸਦੀ ਲਾਸ਼ ਓਥੇ ਹੀ ਟੰਗ ਦਿੱਤੀ ਗਈ ਹੈ। ਮਾਮਲੇ ਆਪਣੇ ਆਪ ਵਿੱਚ ਸੰਗੀਨ ਹੈ ਕਿ ਕਿਵੇਂ ਕਿਸਾਨੀ ਸੰਘਰਸ਼ ਦੌਰਾਨ ਅਜਿਹੀ ਘਟਨਾ ਵਾਪਰੀ। ਵੱਡੀ ਗਿਣਤੀ ਵਿੱਚ ਓਥੇ ਨਿਹੰਗ ਸਿੰਘ ਵੀ ਮੌਜੂਦ ਹਨ ਤਾਂ ਇਸ ਮਾਮਲੇ ਵਿੱਚ ਬਹੁਤ ਸਾਰੇ ਤੱਥਾਂ ‘ਤੇ ਵਿਚਾਰ ਹੋ ਰਹੀ ਹੈ।
ਇਸੇ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ 12 ਵਜੇ ਤੱਕ ਹੰਗਾਮੀ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਇਸ ਘਟਨਾ ਉੱਤੇ ਚਰਚਾ ਹੋਵੇਗੀ। ਮੌਕੇ ‘ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਅਤੇ ਉਹਨਾਂ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਵਿਅਕਤੀ ਦੀ ਲਾਸ਼ ਮਿਲੀ ਉਸਦੀ ਵੀ ਪਹਿਚਾਣ ਨਹੀਂ ਹੋਈ ਹੈ ਜਿਸ ਕਾਰਨ ਜਾਂਚ ਵਿੱਚ ਕਈ ਮਾਮਲੇ ਗੁੰਝਲਦਾਰ ਬਣਦੇ ਜਾ ਰਹੇ ਹਨ। ਸਿੰਘੂ ਦੀ ਸਟੇਜ ਨਜ਼ਦੀਕ ਵਿਅਕਤੀ ਦੀ ਲਾਸ਼ ਬੰਨੀ ਹੋਈ ਸਵੇਰੇ 5 ਵਜੇ ਲੋਕਾਂ ਨੇ ਦੇਖੀ ਅਤੇ ਉਸਦੀ ਵੀਡੀਓ ਵੀ ਬਣਾ ਲਈ, ਜਿਸ ਨੂੰ ਸੋਸ਼ਲ ਮੀਡੀਆ ਉੱਤੇ ਹਰ ਪਾਸੇ ਭੇਜਕੇ ਵਾਇਰਲ ਕਰ ਦਿੱਤਾ ਗਿਆ ਹੈ।
ਹੁਣ ਸਵਾਲ ਇਹ ਹਨ ਕਿ ਜਿਸ ਵਿਅਕਤੀ ਦਾ ਕਤਲ ਹੋਇਆ, ਉਹ ਕੌਣ ਹੈ, ਕਤਲ ਕਿਸਨੇ ਕੀਤਾ, ਕਤਲ ਦੇ ਅਸਲ ਕਾਰਨ ਕੀ ਹਨ, ਦੁਸ਼ਹਿਰੇ ਵਾਲੇ ਦਿਨ ਹੀ ਕਤਲ ਕਿਉਂ ਕੀਤਾ ਗਿਆ, ਜਦੋਂ ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਅਤੇ ਹੋਰਾਂ ਦੇ ਪੁਤਲੇ ਸਾੜਨ ਤੋਂ ਇਨਕਾਰ ਕੀਤਾ ਉਸਤੋਂ ਬਾਅਦ ਅਜਿਹੀ ਘਟਨਾ ਹੋਣੀ, ਬਹੁਤ ਸਾਰੇ ਤੱਥ ਇਸ ਵਿੱਚ ਵਿਚਾਰਨ ਵਾਲੇ ਹਨ। ਜਾਣਬੁੱਝਕੇ ਕੀਤੇ ਕਿਸਾਨੀ ਸੰਘਰਸ਼ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ। ਕਿਸਾਨ ਕਿਸੇ ਵੀ ਤਰ੍ਹਾਂ ਦੇ ਵੱਡੇ ਹੰਗਾਮੇ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੌਰਾਨ ਅਜਿਹੀ ਘਟਨਾ ਵਾਪਰਨੀ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ