ਸਿੰਘੂ ਬਾਰਡਰ ‘ਤੇ ਹੋਈ ਬੇਅਦਬੀ ਅਤੇ ਕਤਲ ਮਾਮਲੇ ਤੋਂ ਬਾਅਦ ਨਿਹੰਗ ਸਿੰਘ ਦੀ ਤਸਵੀਰ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਅਤੇ ਸਾਬਕਾ ਪੰਜਾਬ ਪੁਲਿਸ ਅਫ਼ਸਰ ਗੁਰਮੀਤ ਪਿੰਕੀ ਉਰਫ਼ ਪਿੰਕੀ ਕੈਟ ਨਾਲ ਸੋਸ਼ਲ ਮੀਡੀਆ ਅਤੇ ਖ਼ਬਰਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ| ਇਸ ਫੋਟੋ ਵਿੱਚ ਨਰੇਂਦਰ ਤੋਮਰ ਤੋਂ ਇਲਾਵਾ ਪਿੰਕੀ ਕੈਟ ਦੀ ਮੌਜੂਦਗੀ ਨੇ ਸਾਰਿਆਂ ਨੂੰ ਸ਼ੱਕ ਵਿੱਚ ਅਤੇ ਚੱਕਰਾਂ ਵਿੱਚ ਪਾ ਦਿੱਤਾ ਹੈ| ਇਸੇ ਕਾਰਨ ਹੁਣ ਇਸ ਮਾਮਲੇ ਵਿੱਚ ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਹ ਜਾਂਚ ਪੰਜਾਬ ਪੁਲਿਸ ਵੱਲੋਂ ਕੀਤੀ ਜਾਵੇਗੀ| ਪਿੰਕੀ ਕੈਟ ਦੀ ਮੌਜੂਦਗੀ ਤੋਂ ਬਾਅਦ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਪੰਜਾਬ, ਸੁਖਜਿੰਦਰ ਰੰਧਾਵਾ ਨੇ ਡੂੰਘੀ ਸਾਜਿਸ਼ ਦਾ ਖਦਸ਼ਾ ਜਤਾਇਆ ਹੈ|
ਇਸ ਕਾਰਨ ਸੁਖਜਿੰਦਰ ਰੰਧਾਵਾ ਨੇ ਇਸ ਸਾਰੀ ਘਟਨਾ ਦੀ ਜਾਂਚ ਦਾ ਹੁਕਮ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਇਸ ਮਾਮਲੇ ‘ਤੇ ਹੋਰ ਐਕਟਿਵ ਹੋ ਗਈ ਹੈ| ਇਸ ਮਾਮਲੇ ਵਿੱਚ ਕਤਲ ਤੋਂ ਪਹਿਲਾਂ ਲਖਵੀਰ ਨੂੰ ਅਗਵਾ ਕਰਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਇਹ ਸਭ ਕੁੱਝ ਇਸ ਲਈ ਸ਼ੱਕੀ ਹੋ ਗਿਆ ਹੈ ਕਿਉਂਕਿ ਪੰਜਾਬ ਪੁਲਿਸ ਦਾ ਬਰਖ਼ਾਸਤ ਮੁਲਾਜ਼ਮ ਪਿੰਕੀ ਕੈਟ ਇੱਕ ਤਸਵੀਰ ਵਿੱਚ ਨਿਹੰਗ ਸਿੰਘ ਅਤੇ ਨਰੇਂਦਰ ਤੋਮਰ ਨਾਲ ਸਾਹਮਣੇ ਆਇਆ ਹੈ| ਜ਼ਿਕਰਯੋਗ ਹੈ ਕਿ ਨਿਹੰਗ ਬਾਬਾ ਅਮਨ ਸਿੰਘ ਦੀ ਜਥੇਬੰਦੀ ਵੱਲੋਂ ਲਖਵੀਰ ਦੇ ਕਤਲ ਦੀ ਜਿੰਮੇਵਾਰੀ ਲਈ ਗਈ ਹੈ ਅਤੇ ਹੁਣ ਓਸੇ ਨਿਹੰਗ ਸਿੰਘ ਦੀ ਤਸਵੀਰ ਪਿੰਕੀ ਕੈਟ ਅਤੇ ਨਰੇਂਦਰ ਤੋਮਰ ਨਾਲ ਸਾਹਮਣੇ ਆਈ ਹੈ|
ਹਾਲਾਂਕਿ ਇਸ ਮਾਮਲੇ ਵਿੱਚ ਨਿਹੰਗ ਸਿੰਘ ਬਾਬਾ ਅਮਨ ਸਿੰਘ ਦਾ ਇੱਕ ਆਡੀਓ ਸੋਸ਼ਲ ਮੀਡੀਆ ਵਾਇਰਲ ਹੋਇਆ ਜਿਸ ਵਿੱਚ ਇਹ ਕਿਹਾ ਗਿਆ ਕਿ ਇਹ ਮੁਲਾਕਾਤ ਚੰਡੀਗੜ੍ਹ ਦੀ ਹੈ ਅਤੇ ਬਾਬਾ ਸੁਰਜੀਤ ਸਿੰਘ ਦੀ ਬਰਸੀ ‘ਤੇ ਹੀ ਇਹਨਾਂ ਨਾਲ ਮੁਲਾਕਾਤ ਹੋਈ ਹੈ| ਇਸ ਤੋਂ ਇਲਾਵਾ ਇਸ ਤਸਵੀਰ ਦਾ ਹੋਰ ਕੋਈ ਵੀ ਸੱਚ ਨਹੀਂ ਹੈ ਅਤੇ ਇਸ ਨੂੰ ਹੋਰ ਪਾਸੇ ਨਾ ਮੋੜਿਆ ਜਾਵੇ| ਨਿਹੰਗ ਸਿੰਘ ਬਾਬਾ ਅਮਨ ਸਿੰਘ ਨੇ ਆਡੀਓ ਵਿੱਚ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ ਅਤੇ ਸਾਨੂੰ ਸਰਕਾਰ ਨੇ ਰੁਪਏ ਦੇ ਕਿ ਸਿੰਘੂ ਖਾਲੀ ਕਰਨ ਦੀ ਗੱਲ ਆਖੀ| ਨਿਹੰਗ ਸਿੰਘ ਨੇ ਕਿਹਾ ਕਿ ਉਹ ਨਾ ਨਰੇਂਦਰ ਤੋਮਰ ਤੋਂ ਡਰਦੇ ਨਾ ਕਿਸੇ ਹੋਰ ਤੋਂ, ਅਸੀਂ ਸੱਚ ਬੇਪਰਦਾ ਕਰ ਕਿ ਰਹਾਂਗੇ| ਕੁੱਲ ਮਿਲਾਕੇ ਸਿੰਘੂ ਬਾਰਡਰ ‘ਤੇ ਹੋਏ ਬੇਅਦਬੀ ਦੇ ਇਲਜ਼ਾਮ ਵਿੱਚ ਕਤਲ ਮਾਮਲੇ ਨੂੰ ਹੁਣ ਸਿਆਸੀ ਰੰਗਤ ਦਿੱਤਾ ਜਾ ਰਿਹਾ ਹੈ ਅਤੇ ਲਗਾਤਾਰ ਭਾਜਪਾ ਵੱਲੋਂ ਕੋਈ ਨਾ ਕੋਈ ਸਾਜਿਸ਼ ਕਰਕੇ ਕਿਸਾਨੀ ਸੰਘਰਸ਼ ਖ਼ਤਮ ਕਰਨ ਦਾ ਕੰਮ ਹੋ ਰਿਹਾ ਹੈ|