ਸਿੰਘੂ ਬਾਰਡਰ ‘ਤੇ ਬੇਅਦਬੀ ਅਤੇ ਹੱਤਿਆ ਮਾਮਲੇ ਵਿੱਚ ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਕਹਿਣ ਉੱਤੇ 3 ਮੈਂਬਰੀ (SIT) ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਵਿਸ਼ੇਸ਼ ਟੀਮ ਵਿੱਚ ਏ.ਡੀ.ਜੀ.ਪੀ. ਕਮ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਵਰਿੰਦਰ ਕੁਮਾਰ SIT ਦੇ ਮੁਖੀ ਹੋਣਗੇ ਫਿਰੋਜ਼ੁਪੁਰ ਰੇਂਜ ਦੇ ਡੀ.ਆਈ.ਜੀ. ਇੰਦਰਬੀਰ ਸਿੰਘ ਤੇ ਤਰਨਤਾਰਨ ਦੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੀ ਰਹਿਣ ਵਾਲੀ ਰਾਜ ਕੌਰ ਨੇ ਦੋਸ਼ ਲਾਏ ਸਨ ਕਿ ਉਸ ਦੇ ਭਰਾ ਲਖਬੀਰ ਸਿੰਘ ਨੂੰ ਕੁਝ ਅਣਪਛਾਤੇ ਲੋਕ ਵਰਗਲਾ ਕੇ ਸਿੰਘੂ ਬਾਰਡਰ ਲੈ ਗਏ ਸਨ ਅਤੇ ਉੱਥੇ ਕੁਝ ਨਿਹੰਗ ਸਿੰਘਾਂ ਨੇ 15 ਅਕਤੂਬਰ ਨੂੰ ਬੇਅਦਬੀ ਦੇ ਦੋਸ਼ ਲਾ ਕੇ ਉਸ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ| ਇਸਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਕੀਤੀ ਜੋ ਹਜੇ ਤੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ|
ਇਸ ਤੋਂ ਬਾਅਦ ਜਿਸ ਨਿਹੰਗ ਜਥੇਬੰਦੀ ਵੱਲੋਂ ਲਖਬੀਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ ਉਸ ਜਥੇਬੰਦੀ ਦੇ ਨਿਹੰਗ ਸਿੰਘ ਦੀ ਇੱਕ ਤਸਵੀਰ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਅਤੇ ਪੰਜਾਬ ਤੋਂ ਵਿਵਾਦਤ ਸਾਬਕਾ ਪੁਲਿਸ ਅਫ਼ਸਰ ਗੁਰਮੀਤ ਪਿੰਕੀ ਉਰਫ਼ ਪਿੰਕੀ ਕੈਟ ਨਾਲ ਸਾਹਮਣੇ ਆਈ| ਜਿਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਇਸ ਮਾਮਲੇ ਦੇ ਜਾਂਚ ਦੇ ਹੁਕਮ ਜਾਰੀ ਕੀਤੇ ਸਨ ਅਤੇ ਹੁਣ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ|
ਨਿਹੰਗ ਸਿੰਘਾਂ ਉੱਤੇ ਕਈ ਸਵਾਲ ਚੁੱਕੇ ਜਾ ਰਹੇ ਸਨ ਕਿ ਇਹ ਕਤਲ ਕਿਉਂ ਕੀਤਾ ਗਿਆ, ਲਖਬੀਰ ਨੂੰ ਫੜ੍ਹਕੇ ਅਸਲ ਮੁਲਜ਼ਮ ਤੱਕ ਪਹੁੰਚ ਕੀਤੀ ਜਾਣੀ ਚਾਹੀਦੀ ਸੀ| ਇਸ ਮਾਮਲੇ ਉੱਤੇ ਬਹੁਤ ਸਾਰੇ ਵਿਵਾਦ ਅਤੇ ਸੰਵਾਦ ਛੇੜੇ ਗਏ ਅਤੇ ਉਹਨਾਂ ਗੱਲਾਂ ਦਾ ਇੱਕ ਹੋਰ ਵੀਡੀਓ ਨਿਹੰਗ ਸਿੰਘਾਂ ਵੱਲੋਂ ਜਾਰੀ ਕੀਤੀ ਅਤੇ ਕਈ ਸਵਾਲਾਂ ਦੇ ਜਵਾਬ ਦਿੱਤੇ ਗਏ| ਲਖਬੀਰ ਕਿਸਦੇ ਕਹਿਣ ਉੱਤੇ ਅਤੇ ਕਿੰਨੇ ਰੁਪਏ ਲੈਕੇ ਸਿੰਘੂ ਬੇਅਦਬੀ ਨੂੰ ਅੰਜਾਮ ਦੇਣ ਆਇਆ ਸੀ, ਬਾਰੇ ਵੀ ਬਿਆਨ ਸਾਹਮਣੇ ਆਇਆ|
https://facebook.com/432695095115133