ਪਰਕਾਸ਼ ਬਾਦਲ ਦੀ ਉਮਰ ਦੇ ਬੋਹੜ ਵੀ ਸੁੱਕ ਗਏ ਅਤੇ ਇਹ ਹੁਣ ਵੀ ਮੌਕਾ ਮੰਗੀ ਜਾ ਰਹੇ : ਭਗਵੰਤ ਮਾਨ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਔਰਤਾਂ ਨੂੰ 1000 ਰੁਪਏ ਭੱਤਾ ਦੇਣਾ ਮੁਫ਼ਤ ਖੋਰੀ ਨਹੀਂ, ਸਗੋਂ ਇੱਕ ਸਮਾਜਿਕ ਸੁਰੱਖਿਆ ਹੈ। ਆਰਥਿਕ ਮਦਦ ਨਾਲ ਔਰਤਾਂ ਸਸ਼ਕਤ ਅਤੇ ਆਤਮ ਨਿਰਭਰ ਬਣ ਜਾਣਗੀਆਂ। ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ 18 ਸਾਲਾਂ ਤੋਂ ਉਪਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਭੱਤਾ ਦੇਣ ਦੀ ਯੋਜਨਾ ਮਹਿਲਾ ਸਸ਼ਕਤੀਕਰਨ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਮਾਨ ਨੇ ਕਿਹਾ ਕਿ ਇਸ ਸਕੀਮ ਲਈ ਸਿਰਫ 8200 ਕਰੋੜ ਰੁਪਏ ਸਾਲਾਨਾ ਬਜਟ ਦੀ ਲੋੜ ਹੈ, ਜਿਸ ਨੂੰ 20 ਹਜ਼ਾਰ ਕਰੋੜ ਰੁਪਏ ਦੇ ਰੇਤ ਮਾਫੀਆ ਨੂੰ ਖਤਮ ਕਰਕੇ ਹੀ ਪੂਰਾ ਕੀਤਾ ਜਾ ਸਕਦਾ ਹੈ।

ਭਗਵੰਤ ਮਾਨ ਨੇ ਧਰਮਕੋਟ ਤੋਂ ‘ਆਪ’ ਉਮੀਦਵਾਰ ਦਵਿੰਦਰ ਸਿੰਘ ਲਾਡੀ ਢੋਸ ਦੇ ਸਮਰਥਨ ‘ਚ ਇਕ ਜਨਸਭਾ ‘ਚ ਪੁੱਜੇ ਸਨ। ਧਰਮਕੋਟ (ਮੋਗਾ) ਵਿਖੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਜਿਹੜਾ ਆਗੂ ਸਿੱਧੇ ਤੌਰ ‘ਤੇ ਗਰੀਬੀ ਦੂਰ ਕਰਨ ਦੀ ਗੱਲ ਕਰਦਾ ਹੈ, ਉਹ ਕੋਰਾ ਝੂਠ ਬੋਲਦਾ ਹੈ। ਗਰੀਬੀ ਬੋਲਣ ਅਤੇ ਵਾਅਦੇ ਕਰਨ ਨਾਲ ਦੂਰ ਨਹੀਂ ਹੁੰਦੀ। ਗਰੀਬੀ ਉੱਚ ਮਿਆਰੀ ਸਿੱਖਿਆ ਅਤੇ ਗਿਆਨ ਨਾਲ ਦੂਰ ਹੁੰਦੀ ਹੈ। ਉਹਨਾਂ ਕਿਹਾ ਕਿ ਤੁਹਾਡੇ ਬੱਚੇ ਪੜ੍ਹ-ਲਿਖਕੇ ਅਤੇ ਮਿਆਰੀ ਸਿੱਖਿਆ ਲੈ ਕੇ ਹੀ ਆਪਣੀ ਗਰੀਬੀ ਦੂਰ ਕਰ ਸਕਦੇ ਹਨ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਵੇਗੀ। ਜ਼ਿੰਦਗੀ ਵਿੱਚ ਅੱਗੇ ਵਧਣ ਦੇ ਮੌਕੇ ਅਤੇ ਸਾਧਨ ਵੀ ਮੁਹੱਈਆ ਕਰਵਾਏਗੀ, ਜਿਸ ਨਾਲ ਗਰੀਬੀ ਆਪਣੇ-ਆਪ ਦੂਰ ਹੋ ਜਾਵੇਗੀ। ਗਰੀਬੀ ਦੇ ਹਨੇਰੇ ਨੂੰ ਸਿੱਖਿਆ ਦੀ ਰੌਸ਼ਨੀ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਰ ਸੂਬੇ ਦੇ ਨੇਤਾਵਾਂ ਨੇ ਜਾਣਬੁੱਝ ਕੇ ਇਹ ਰੌਸ਼ਨੀ ਗਰੀਬ ਅਤੇ ਆਮ ਲੋਕਾਂ ਦੇ ਬੱਚਿਆਂ ਤੱਕ ਨਹੀਂ ਪੁੱਜਣ ਦਿੱਤੀ।

ਮਾਨ ਨੇ ਕਿਹਾ ਕਿ ਗਰੀਬ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ, ਇਸ ਲਈ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨੀ ਬਹੁਤ ਜ਼ਰੂਰੀ ਹੈ। ਜਦੋਂ ਤੱਕ ਸਰਕਾਰੀ ਸਕੂਲਾਂ ਦੀ ਹਾਲਤ ਨਹੀਂ ਸੁਧਰਦੀ, ਗਰੀਬਾਂ ਦੀ ਹਾਲਤ ਵੀ ਨਹੀਂ ਸੁਧਰ ਸਕਦੀ। ਉਨ੍ਹਾਂ ਵਾਅਦਾ ਕੀਤਾ ਕਿ ‘ਆਪ’ ਸਰਕਾਰ ਦਿੱਲੀ ਦੀ ਤਰਜ਼ ‘ਤੇ ਇਥੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰ ਕੇ ਉਨ੍ਹਾਂ ਨੂੰ ਆਲਮੀ ਪੱਧਰੀ ਦੇ ਸਿਖਿਆ ਕੇਂਦਰ ਬਣਾਏਗੀ। ਉਹਨਾਂ ਕਿਹਾ ਕਿ ਉੱਚ ਮਿਆਰੀ ਸਿੱਖਿਆ ਅਤੇ ਡਾਕਟਰੀ ਇਲਾਜ ਆਮ ਆਦਮੀ ਪਾਰਟੀ ਦੀ ਪਹਿਲੀ ਤਰਜੀਹ ਹੈ।

ਖੇਤੀ ਸੁਧਾਰਾਂ ‘ਤੇ ਜ਼ੋਰ ਦਿੰਦਿਆਂ ਮਾਨ ਨੇ ਕਿਹਾ ਕਿ ਪਿੰਡਾਂ ਦੇ ਕਿਸਾਨ ਆਪਸ ‘ਚ ਗੱਲਬਾਤ ਕਰਕੇ ਖੇਤੀ ਕਰਨ ਦਾ ਤਰੀਕਾ ਅਪਣਾਉਂਦੇ ਹਨ, ਪਰ ਖੇਤੀ ਦੇ ਸੁਧਾਰ ਅਤੇ ਵੱਧ ਪੈਦਾਵਾਰ ਲਈ ਸਾਨੂੰ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਪਵੇਗੀ। ‘ਆਪ’ ਸਰਕਾਰ ਕਿਸਾਨਾਂ ਦੀ ਸਹੂਲਤ ਲਈ ਮਦਦ ਕਰੇਗੀ | ਹਰ ਪਿੰਡ ਦੇ ਖੇਤੀਬਾੜੀ ਮਾਹਿਰਾਂ ਦੀ ਵੱਡੇ ਪੱਧਰ ‘ਤੇ ਭਰਤੀ ਕਰੇਗੀ ਜੋ ਕਿਸਾਨਾਂ ਨੂੰ ਵਿਗਿਆਨਕ ਢੰਗ ਨਾਲ ਖੇਤੀ ਕਰਨ ਬਾਰੇ ਦੱਸਣਗੇ। ਇਸ ਨਾਲ ਰੁਜ਼ਗਾਰ ਵੀ ਵਧੇਗਾ ਅਤੇ ਫ਼ਸਲਾਂ ਦੀ ਪੈਦਾਵਾਰ ਵੀ ਵਧੇਗੀ। ਮਾਨ ਨੇ ਦਿੱਲੀ ਸਰਕਾਰ ਦੀ ‘ਫਰਿਸ਼ਤਾ’ ਸਕੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਕੀਮ ਅਨੁਸਾਰ ਜੇਕਰ ਦਿੱਲੀ ਵਿਚ ਕਿਸੇ ਵਿਅਕਤੀ ਨਾਲ ਸੜਕ ਹਾਦਸਾ ਹੁੰਦਾ ਹੈ ਤਾਂ ਕੋਈ ਵੀ ਵਿਅਕਤੀ ਉਸ ਨੂੰ ਨੇੜੇ ਦੇ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਸਕਦਾ ਹੈ।

ਦਿੱਲੀ ਸਰਕਾਰ ਸੜਕ ਹਾਦਸੇ ਵਿੱਚ ਫੱਟੜ ਹੋਏ ਪੀੜਿਤ ਨੂੰ ਹਸਪਤਾਲ ਲੈਕੇ ਜਾਣ ਵਾਲੇ ਵਿਅਕਤੀ ਨੂੰ ਉਤਸ਼ਾਹਿਤ ਕਰਨ ਲਈ 2000 ਰੁਪਏ ਦਾ ਇਨਾਮ ਵੀ ਦਿੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ‘ਆਪ’ ਸਰਕਾਰ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਅਜਿਹੀ ਸਕੀਮ ਲਾਗੂ ਕਰੇਗੀ। ਮਾਨ ਨੇ ਕਿਹਾ ਕਿ ਉਹ (ਮਾਨ) ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਏ,ਜੇ ਉਨ੍ਹਾਂ ਪੈਸਾ ਕਮਾਉਣਾ ਹੁੰਦਾ ਤਾਂ ਉਹ ਦੇਸ਼-ਵਿਦੇਸ਼ ਵਿਚ ਸ਼ੋਅ ਕਰਕੇ ਆਪਣੀ ਕਲਾ ਦੇ ਪ੍ਰਦਰਸ਼ਨ ਨਾਲ ਬਹੁਤ ਪੈਸਾ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਲਾ ਤੋਂ ਲੈ ਕੇ ਰਾਜਨੀਤੀ ਦੇ ਸਫ਼ਰ ਤੱਕ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਅਤੇ ਸਮਰਥਨ ਦਿੱਤਾ ਹੈ।

ਉਹ ਹਮੇਸ਼ਾ ਉਨ੍ਹਾਂ ਦੇ ਪਿਆਰ ਅਤੇ ਵਿਸ਼ਵਾਸ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਹਮੇਸ਼ਾ ਕਾਂਗਰਸ,ਅਕਾਲੀ, ਭਾਜਪਾ ਅਤੇ ਕੈਪਟਨ ਨੂੰ ਮੌਕਾ ਦਿੱਤਾ, ਪਰ ਇਨ੍ਹਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਦੀ ਬਜਾਏ ਹੋਰ ਵਧਾਇਆ ਹੈ। ਪਰਕਾਸ਼ ਬਾਦਲ ‘ਤੇ ਮਜ਼ਾਕ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੀ ਉਮਰ ਦੇ ਬੋਹੜ ਵੀ ਸੁੱਕ ਗਏ ਅਤੇ ਇਹ ਹਜੇ ਵੀ ਹੋਰ ਮੌਕਾ ਮੰਗ ਰਹਿ , ਹੁਣ ਨਵੇਂ ਲੋਕਾਂ ਨੂੰ ਅੱਗੇ ਆਉਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਿਰਫ਼ ਇੱਕ ਮੌਕਾ ਦਿਓ। ‘ਆਪ’ ਪੰਜਾਬ ਦੀ ਕਿਸਾਨੀ, ਜਵਾਨੀ, ਵਪਾਰ ਅਤੇ ਕਾਰੋਬਾਰ ਨੂੰ ਬਚਾਵਾਂਗੇ ਅਤੇ ਅੱਗੇ ਲੈਕੇ ਜਾਵਾਂਗੇ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ Omicron ਦਾ ਇੱਕ ਹੋਰ ਕੇਸ, ਦੁਬਈ ਤੋਂ ਆਇਆ ਹਿਮਾਚਲ ‘ਚ ਦਾਖਲ

ਚੰਡੀਗੜ੍ਹ ‘ਚ ਪਾਬੰਦੀਆਂ, ਸੁਖਣਾ ਝੀਲ ਅਤੇ ਹੋਟਲ, ਰੈਸਟੋਰੈਂਟ, ਕਾਫੀ ਸ਼ੋਪ ਸਮੇਤ ਕਈ ਥਾਵਾਂ ‘ਤੇ ਪਾਬੰਦੀਆਂ