ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਮਾਹੌਲ ਤਣਾਅ ਵਾਲਾ ਬਣ ਰਿਹਾ ਹੈ ਅਤੇ ਪੰਜਾਬ ਅਤੇ ਪੰਜਾਬੀਆਂ ਨੂੰ ਇਸ ਵੇਲੇ ਬਹੁਤ ਹੀ ਸੋਚ ਸਮਝਕੇ ਕੋਈ ਵੀ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਾਲੀ ਰੈਲੀ ਦੀ ਅਸਫਲਤਾ ਇਸ ਤੱਥ ਦਾ ਸਬੂਤ ਹੈ ਕਿ ਸੂਝਵਾਨ ਪੰਜਾਬੀਆਂ ਨੇ ਭਾਜਪਾ ਦੇ ਫੁਟ ਪਾਊ ਅਤੇ ਨਫਰਤ ਦੇ ਏਜੰਡੇ ਨੂੰ ਪੂਰੀ ਤਰਾਂ ਨਕਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਰੈਲੀ ਵਿੱਚ ਜਿੱਥੇ 70,000 ਕੁਰਸੀਆਂ ਲਗਾਈਆਂ ਗਈਆਂ ਤੇ ਸਿਰਫ 700 ਵਿਅਕਤੀ ਹਾਜਰ ਹੋਣ ਦਾ ਤੱਥ ਮੋਦੀ ਸਰਕਾਰ ਵਿਰੁੱਧ ਲੋਕਾਂ ਦੇ ਮਨਾਂ ਵਿਚਲੇ ਰੋਸ ਨੂੰ ਦਰਸਾਉਂਦਾ ਹੈ।
ਉਨਾਂ ਕਿਹਾ ਕਿ ਖਾਲੀ ਪਈਆਂ ਕੁਰਸੀਆਂ ਨੇ ਭਾਜਪਾ ਅਤੇ ਇਸ ਦੀ ਸਮੁੱਚੀ ਲੀਡਰਸ਼ਿਪ ਨੂੰ ਜਨਤਾ ਦੀਆਂ ਭਾਵਨਾਵਾਂ ਦਾ ਪਤਾ ਲਗਾਉਣ ਵਿੱਚ ਨਾਕਾਮ ਰਹਿਣ ਦਾ ਸ਼ੀਸ਼ਾ ਦਿਖਾਇਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬੀਆਂ ਨੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਹੰਕਾਰੀ ਆਗੂਆਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ ਅਤੇ ਇਸ ਦਾ ਅੰਦਾਜ ਭਾਜਪਾ ਦੇ ਇਸ ਫਲਾਪ ਸੋਅ ਤੋਂ ਲਗਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਆਈ ਪਰ ਭਾਜਪਾ ਦੀ ਰੈਲੀ ਵਿੱਚ ਲੋਕਾਂ ਦੀ ਘੱਟ ਗਿਣਤੀ ਦੇ ਮੱਦੇਨਜਰ ਪ੍ਰਧਾਨ ਮੰਤਰੀ ਨੇ ਦੌਰਾ ਰੱਦ ਕਰ ਦਿੱਤਾ।
ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਇਕ ਦਹਾਕੇ ਦੇ ਸਾਸ਼ਨ ਦੌਰਾਨ ਅਕਾਲੀ ਆਗੂਆਂ ਨੇ ਸੂਬੇ ਨੂੰ ਖੂਬ ਲੁੱਟਿਆ ਹੈ। ਉਨਾਂ ਕਿਹਾ ਕਿ ਅਕਾਲੀਆਂ ਨੇ ਸੂਬੇ ਵਿੱਚ ਨਸ਼ਿਆਂ ਦਾ ਕਾਰੋਬਾਰ ਫੈਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਕਾਰਨ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਹਨ। ਮੁੱਖ ਚੰਨੀ ਨੇ ਕਿਹਾ ਕਿ ਅਕਾਲੀਆਂ ਨੂੰ ਇਨਾਂ ਗੁਨਾਹਾਂ ਲਈ ਪੰਜਾਬ ਵਾਸੀ ਕਦੇ ਮੁਆਫ ਨਹੀਂ ਕਰਨਗੇ।
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਫਵਾਹਾਂ ਫੈਲਾਉਣ ਵਾਲੇ ਹਨ ਜੋ ਸੂਬੇ ਨੂੰ ਲੁੱਟਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਕੇਜਰੀਵਾਲ ਸੂਬੇ ਅਤੇ ਇੱਥੋਂ ਦੇ ਲੋਕਾਂ ਲਈ ਨੁਕਸਾਨਦੇਹ ਹੈ। ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਦੇ ਨਾਪਾਕ ਮਨਸੂਬਿਆਂ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ।
https://www.facebook.com/thekhabarsaar/