ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਮੌਜੂਦਾ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਵੀ ਤੇਜ਼ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਤਰ੍ਹਾਂ ਕਾਂਗਰਸ ਸਰਕਾਰ ਨੇ ਵੀ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ 2017 ਵਿੱਚ ਕੀਤੇ ਵਾਅਦੇ ‘ਤੇ ਨਾ ਤਾਂ ਕੈਪਟਨ ਅਤੇ ਨਾ ਹੀ ਮੁੱਖ ਮੰਤਰੀ ਚੰਨੀ ਖਰੇ ਉਤਰੇ। 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ‘ਤੇ ਬਾਦਲਾਂ ਵਾਂਗ ਚਰਨਜੀਤ ਚੰਨੀ ਨੇ ਵੀ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਰੱਜ ਕੇ ਜਲੀਲ ਕੀਤਾ ਹੈ। ਪਹਿਲਾਂ 2016 ਵਿੱਚ ਅਕਾਲੀ-ਭਾਜਪਾ ਸਰਕਾਰ ਨੇ, ਫਿਰ 2017 ਵਿੱਚ ਸੱਤਾ ‘ਚ ਆਉਂਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਹੁਣ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿੱਚ ਪਿਛਲੇ 8 ਸਾਲਾਂ ਤੋਂ ਆਪਣੇ ਹੱਕਾਂ ਦੀ ਮੰਗ ਰਹੇ ਕੱਚੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ।
ਉਹਨਾਂ ਦੋਸ਼ ਲਗਾਇਆ ਕਿ ਕਾਂਗਰਸ, ਅਕਾਲੀ ਅਤੇ ਭਾਜਪਾ ਵਰਗੇ ਰਿਵਾਇਤੀ ਦਲ ਸਿਰਫ਼ ਲੋਕਾਂ ਦੇ ਮੁੱਦਿਆਂ ਦਾ ਸਿਆਸੀ ਫ਼ਾਇਦਾ ਚੁੱਕਦੇ ਹਨ, ਇਹਨਾਂ ਲਈ ਆਮ ਲੋਕਾਂ ਦੇ ਮੁੱਦੇ, ਤਕਲੀਫ਼ਾਂ ਅਤੇ ਮੰਗਾਂ ਸਿਰਫ਼ ਸਿਆਸੀ ਪੌੜੀਆਂ ਹਨ ਜਿਹਨਾਂ ਦੇ ਸਹਾਰੇ ਇਹ ਸੱਤਾ ਵਿੱਚ ਆਉਂਦੇ ਹਨ ਅਤੇ ਫਿਰ ਪੰਜ-ਪੰਜ ਸਾਲ ਦੀ ਵਾਰੀ ਸਿਰ ਪੰਜਾਬ ਨੂੰ ਲੁੱਟਦੇ ਹਨ। ਚੀਮਾ ਨੇ ਕਿਹਾ, “ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ 3 ਸਾਲਾਂ ਤੋਂ ਪੱਕੇ ਕਰਨ ਦਾ ਮੁੱਦਾ ਉਠਾਉਂਦਿਆਂ ਮੁਲਾਜ਼ਮਾਂ ਦਾ ਬਿੱਲ ਆਖਰੀ ਮੌਕੇ ਪਾਸ ਕੀਤਾ ਅਤੇ ਫੇਰ ਲਾਗੂ ਕਰਵਾਉਣ ਤੋਂ ਪਹਿਲਾਂ ਸੱਤਾ ‘ਚੋਂ ਬਾਹਰ ਹੋ ਗਈ। ਕੈਪਟਨ ਸਾਹਿਬ ਨੇ ਤਾਂ ਹੱਦ ਹੀ ਕਰ ਦਿੱਤੀ, ਜਿੰਨਾ ਮੁਲਾਜ਼ਮ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਉਹ ਵੋਟਾਂ ਲੈ ਕੇ ਵਿਧਾਨ ਸਭਾ ਆਏ ਸੀ, ਸਰਕਾਰ ਬਣਾਉਂਦਿਆਂ ਸਭ ਤੋਂ ਪਹਿਲਾ ਉਹਨਾਂ ਦਾ ਬਿੱਲ ਰੱਦ ਕੀਤਾ ਅਤੇ ਫਿਰ ਸਾਢੇ ਚਾਰ ਸਾਲ ਬਾਤ ਨਹੀਂ ਪੁੱਛੀ ਅਤੇ ਹੁਣ ਚੰਨੀ ਸਰਕਾਰ ਨੇ ਕਰੋੜਾਂ ਰੁਪਏ ਖ਼ਰਚ ਕੇ ਹਰ ਕੋਨੇ ‘ਤੇ ਬੈਨਰ ਅਤੇ ਫਲੈਕਸਾਂ ਤਾਂ ਲਗਵਾ ਦਿੱਤੀਆਂ ਪਰ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ।
ਬਾਦਲਾਂ ਦੀ ਤਰ੍ਹਾਂ ਆਖ਼ਰੀ ਦਿਨਾਂ ਤੱਕ ਫਾਇਲ ਲਟਕਾ ਕੇ ਇਹਨਾਂ ਮੁਲਾਜ਼ਮਾਂ ਨੂੰ ਮੁੜ ਧੋਖਾ ਦਿੱਤਾ ਹੈ।” ਉਹਨਾਂ ਕਿਹਾ ਕਿ ਕੁੱਲ ਮਿਲਾ ਕੇ ਪਿਛਲੇ 8 ਸਾਲਾਂ ਤੋਂ ਕਾਂਗਰਸ, ਕੈਪਟਨ, ਅਕਾਲੀ ਅਤੇ ਭਾਜਪਾ ਤੋਂ ਮਿਲ ਕੇ ਪੰਜਾਬ ਦੇ 36,000 ਮੁਲਾਜ਼ਮ ਪੱਕੇ ਨਹੀਂ ਕਰ ਹੋਏ ਅਤੇ ਪਤਾ ਨੀ ਇਹ ਕਿਹੜੇ ਮੂੰਹ ਨਾਲ ਮੁੜ ਲੋਕਾਂ ਵਿੱਚ ਜਾ ਕੇ ਵੋਟਾਂ ਮੰਗ ਰਹੇ ਹਨ ਅਤੇ ਨੌਕਰੀਆਂ ਦੇ ਨਵੇਂ ਵਾਅਦੇ ਕਰ ਰਹੇ ਹਨ। ਆਪ ਆਗੂ ਨੇ ਕਿਹਾ ਕਿ ਜਿਹੜਾ ਕੰਮ ਕਰਨ ਵਿੱਚ ਇਹ ਸਾਰੇ ਰਾਜਨੀਤਿਕ ਦਲ ਫੇਲ ਹੋਏ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰੇਗੀ। ਹਰਪਾਲ ਚੀਮਾ ਅਨੁਸਾਰ, “ਰਵਾਇਤੀ ਦਲ ਸਿਰਫ਼ ਰਾਜਨੀਤੀ ਕਰਨ ਵਿਚ ਮਾਹਿਰ ਹਨ। ਇਹਨਾਂ ਨੂੰ ਆਮ ਲੋਕਾਂ ਦੇ ਮੁੱਦਿਆਂ ਦਾ ਆਪਣੇ ਸਿਆਸੀ ਫਾਇਦੇ ਲਈ ਇਸਤੇਮਾਲ ਕਰਨਾ ਚੰਗੀ ਤਰ੍ਹਾਂ ਆਉਂਦਾ ਹੈ। ਪਰ ਪੰਜਾਬ ਦਾ ਕੋਈ ਵੀ ਵਰਗ ਹੁਣ ਚਿੰਤਾ ਨਾ ਕਰੇ, ਕਿਉਂਕਿ ਪੰਜਾਬ ‘ਚ ਅਗਲੀ ਆਉਣ ਵਾਲੀ ‘ਆਪ’ ਦੀ ਸਰਕਾਰ ਕੰਮ ਕਰਨਾ ਬਾ-ਖ਼ੂਬੀ ਜਾਣਦੀ ਹੈ। ਜਿਸ ਤਰ੍ਹਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਕੰਮ ਕੀਤੇ ਹਨ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਹਰ ਵਰਗ ਅਤੇ ਖੇਤਰ ਦੇ ਲੋਕਾਂ ਦੀ ਆਪਣੀ ਸਰਕਾਰ ਹੋਵੇਗੀ ਅਤੇ ਉਹਨਾਂ ਲਈ ਕੰਮ ਕਰੇਗੀ।”
https://www.facebook.com/thekhabarsaar/