ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਸ਼ਬਦੀ ਅਤੇ ਸਿਆਸੀ ਵਾਦ ਵਿਵਾਦ ਉੱਤੇ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਡਰੱਗ ਮਾਮਲੇ ਵਿੱਚ ਚੰਨੀ ਸਰਕਾਰ ਅਤੇ ਬਾਦਲ ਪਰਿਵਾਰ ਰਲਮਿਲ ਕੇ ਚੱਲ ਰਹੇ ਹਨ, ਕਿਉਂਕਿ (ਬਾਦਲ -ਮਜੀਠੀਆ) ਨੇ ਲੁਧਿਆਣਾ ਦੇ ਸਿਟੀ ਸੈਂਟਰ ਘੁਟਾਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਨੂੰ ਬਚਾਇਆ ਸੀ ਅਤੇ ਹੁਣ ਡਰੱਗ ਕੇਸ ‘ਚ ਮਜੀਠੀਆ ਨੂੰ ਬਚਾਅ ਕੇ ਮੁੱਖ ਮੰਤਰੀ ਚੰਨੀ ਨੇ ਕਰਜਾ ਲਾਹਿਆ ਹੈ। ਮਾਨ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਚੰਨੀ ਸਰਕਾਰ ਨੇ 111 ਦਿਨ ਮੁਹੱਲੇ ਦੀ ਕ੍ਰਿਕਟ ਟੀਮ ਦੀ ਤਰਾਂ ਕੰਮ ਕੀਤਾ ਹੈ ਅਤੇ ਸੂਬੇ ਵਿੱਚ ਸਰਕਾਰ ਜਾਂ ਕਾਨੂੰਨ ਦੀ ਕੋਈ ਵਿਵਸਥਾ ਨਹੀਂ ਸੀ, ਇਸ ਲਈ ਪੰਜਾਬ ਦੇ ਲੋਕਾਂ ਨੇ ਮੰਨ ਬਣਾ ਲਿਆ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ‘ਤੇ ਬੈਠਾਉਣਾ।
ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਹਲਕੀ ਤੇ ਡੰਗ ਟਪਾਊ ਪੁਲੀਸ ਕਾਰਵਾਈ ਕਰਨ ਦਾ ਦੋਸ਼ ਲਾਇਆ ਹੈ। ਉਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ (ਬਾਦਲ -ਮਜੀਠੀਆ) ਪਰਿਵਾਰ ਨਾਲ ਪਹਿਲਾਂ ਹੀ ਗੁਪਤ ਸਮਝੌਤਾ ਹੋ ਗਿਆ ਸੀ, ਕਿ ਚੰਨੀ ਸਰਕਾਰ ਡਰੱਗ ਮਾਮਲੇ ਵਿੱਚ ਮਜੀਠੀਆ ਖ਼ਿਲਾਫ਼ ਹਲਕੇ ਪੱਧਰ ਦੀ ਕਾਰਵਾਈ ਕੀਤੀ ਹੈ। ਇਸੇ ਲਈ ਕਾਂਗਰਸ ਸਰਕਾਰ ਨੇ ਐਫ਼.ਆਈ.ਆਰ ਦਰਜ ਹੋਣ ਦੇ 20- 22 ਦਿਨ ਬੀਤਣ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ, ਜਦੋਂ ਕਿ ਕਾਫ਼ੀ ਦਿਨ ਪਹਿਲਾਂ ਜ਼ਿਲਾ ਅਦਾਲਤ ਮੋਹਾਲੀ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜੀ ਖ਼ਾਰਜ ਕਰ ਦਿੱਤੀ ਗਈ ਸੀ। ਮਾਨ ਨੇ ਕਿਹਾ ਕਿ ਜਿਹੋ- ਜਿਹੀ ਕਾਨੂੰਨੀ ਕਾਰਵਾਈ ਦਾ ਹਾਲ ਮਜੀਠੀਆ ਕੇਸ ਵਿੱਚ ਹੋਇਆ ਹੈ, ਉਹੋ -ਜਿਹਾ ਹਾਲ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਬਾਦਲਾਂ ਦੀਆਂ ਬੱਸਾਂ ਖ਼ਿਲਾਫ਼ ਕੀਤੀ ਕਾਨੂੰਨੀ ਕਾਰਵਾਈ ਦਾ ਹੋਇਆ ਹੈ।
ਰਾਜਾ ਵੜਿੰਗ ਨੇ ਬਾਦਲਾਂ ਦੀਆਂ ਬੱਸਾਂ ਨੂੰ ਤਕੜੇ ਹੱਥ ਨਹੀਂ ਪਾਏ, ਸਗੋਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕਾਰਵਾਈ ਕੀਤੀ ਸੀ। ਇਸ ਕਾਰਨ ਅੱਜ ਬਾਦਲਾਂ ਦੀਆਂ ਸਾਰੀਆਂ ਬੱਸਾਂ ਸੜਕਾਂ ‘ਤੇ ਚੱਲਦੀਆਂ ਹਨ। ਉਨਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਡਰੱਗ ਮਾਮਲੇ ਸਮੇਤ ਬਾਦਲਾਂ, ਕਾਂਗਰਸੀਆਂ ਅਤੇ ਮਾਫੀਆ ਦੀਆਂ ਸਾਰੀਆਂ ਫਾਇਲਾਂ ਖੋਲੀਆਂ ਜਾਣਗੀਆਂ ਅਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਨਵੇਂ ਬਣੇ ਸੰਯੁਕਤ ਸਮਾਜ ਮੋਰਚੇ ਦੀ ਕਾਇਮੀ ਲਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ‘ਆਪ’ ਵੱਲੋਂ ਕਿਸੇ ਨੂੰ ਵੀ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨਹੀਂ ਕੀਤੀ ਗਈ ਸੀ। ਪਾਰਟੀ ਬਹੁਤ ਜਲਦੀ ਹੀ ਮੁੱਖ ਮੰਤਰੀ ਦਾ ਨਾਂਅ ਐਲਾਨ ਕੇ ਮੁਹਿੰਮ ਵਿੱਚ ਉਤਰੇਗੀ।
https://www.facebook.com/thekhabarsaar/