ਕੀਤੇ ਕੋਈ ਗੈਰਕਾਨੂੰਨੀ ਢੰਗ ਨਾ ਵਰਤਿਆ ਜਾ ਰਿਹਾ ਹੋਵੇ, ਕੀਤੇ ਕੋਈ ਕਾਲਾਬਜ਼ਾਰੀ ਨਾ ਹੋ ਰਹੀ ਹੋਵੇ, ਕੀਤੇ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾ ਰਹੀ ਹੋਵੇ, ਕੀਤੇ ਚੋਣ ਕਮਿਸ਼ਨ ਤੋਂ ਬੱਚਕੇ ਗਲਤ ਢੰਗ ਚੋਣਾਂ ਲਈ ਨਾ ਵਰਤੇ ਜਾ ਰਹੇ ਹੋਣ, ਇਸ ਲਈ ਪੰਜਾਬ ਪੁਲਿਸ ਵੱਲੋਂ ਅਸਮਾਨ ਤੋਂ ਨਜ਼ਰ ਰੱਖੀ ਹੋਈ ਹੈ। ਪੰਜਾਬ ਵਿੱਚ ਨਿਰਪੱਖ, ਪਾਰਦਰਸ਼ੀ ਅਤੇ ਲਾਲਚ ਮੁਕਤ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੁਲਿਸ ਨੇ ਖਾਸ ਤੌਰ ‘ਤੇ ਸਰਹੱਦੀ ਜ਼ਿਲਿਆਂ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲਗਦੇ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਵਿੱਚ ਹੋਰ ਤੇਜੀ ਲਿਆਂਦੀ ਹੈ ਤਾਂ ਜੋ ਸ਼ੱਕੀ ਖੇਤਰਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ।
ਇਸ ਕਾਰਵਾਈ ਵਿੱਚ ਬੀ.ਐਸ.ਐਫ., ਪੀ.ਏ.ਪੀ., ਸੀ.ਆਈ.ਡੀ. ਯੂਨਿਟਾਂ, ਵਿਸ਼ੇਸ਼ ਸ਼ਾਖਾ, ਆਬਕਾਰੀ ਅਤੇ ਕਰ ਵਿਭਾਗ ਅਤੇ ਡੌਗ ਸਕੁਐਡ ਅਤੇ ਐਂਟੀ ਸਾਬੋਤਾਜ ਟੀਮਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ-ਕਮ-ਸਟੇਟ ਪੁਲਿਸ ਨੋਡਲ ਅਫਸਰ ਈਸ਼ਵਰ ਸਿੰਘ ਨੇ ਦੱਸਿਆ ਕਿ ਰਵਾਇਤੀ ਤਲਾਸ਼ੀ ਅਭਿਆਨ ਚਲਾਉਣ ਤੋਂ ਇਲਾਵਾ, ਪੰਜਾਬ ਪੁਲਿਸ ਵੱਲੋਂ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਨਾਲ-ਲਗਦੇ ਔਖੀ ਪਹੁੰਚ ਵਾਲੇ ਮੰਡ ਦੇ ਖੇਤਰਾਂ ਨੂੰ ਕਵਰ ਕਰਨ ਲਈ ਹਵਾਈ ਸਰਵੇਖਣ ਕਰਨ ਲਈ ਡਰੋਨਾਂ ਦੀ ਤਾਇਨਾਤੀ ਕਰਕੇ ਤਕਨਾਲੋਜੀ ਅਧਾਰਤ ਪੁਲਿਸ ਸਰਵਿਸ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਤਲਾਸ਼ੀ ਅਭਿਆਨ ਦੌਰਾਨ ਵੱਖ-ਵੱਖ ਥਾਵਾਂ ਜਿਵੇਂ ਕੱਚੀਆਂ ਸੜਕਾਂ (ਪਗਡੰਡੀ), ਟਿਊਬਵੈੱਲ, ਤਾਜੇ ਪੁੱਟੇ ਗਏ ਖੇਤਰ, ਖੇਤਾਂ ਵਿਚਲੇ ਪੱਧਰ ਕੀਤੀਆਂ ਥਾਵਾਂ, ਪਿੰਡਾਂ ਦੇ ਬਾਹਰ ਸਥਿਤ ਡੇਰੇ/ਗੁਜਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਡੀ.ਜੀ.ਪੀ. ਪੰਜਾਬ ਨੇ ਪੁਲਿਸ ਅਤੇ ਖੁਫੀਆ ਏਜੰਸੀਆਂ ਨਾਲ ਸੂਬੇ ਵਿੱਚ ਨਸ਼ਿਆਂ ਦੀ ਆਮਦ ਨੂੰ ਰੋਕਣ ਲਈ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਸੀ । ਮੀਟਿੰਗ ਦੌਰਾਨ ਡੀਜੀਪੀ ਨੇ ਰਾਜ ਦੇ ਸਾਰੇ ਸੀਪੀਜ/ਐਸਐਸਪੀਜ਼ ਨੂੰ ਚੋਣਾਂ ਦੇ ਮੱਦੇਨਜ਼ਰ ਨਸ਼ਿਆਂ ਅਤੇ ਲੁੱਟ-ਖੋਹ ਪ੍ਰਤੀ ਜੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਲਈ ਸਪੱਸ਼ਟ ਨਿਰਦੇਸ਼ ਦਿੱਤੇ ਸਨ।
https://www.facebook.com/thekhabarsaar/