ਚੰਡੀਗੜ੍ਹ, 2 ਫਰਵਰੀ 2022 – ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਨੂੰ ਚੋਣ ਕਮਿਸ਼ਨ ਵਲੋਂ ਮਾਨਤਾ ਦੇ ਦਿੱਤੀ ਗਈ ਹੈ। ਪਰ ਅਜੇ ਤੱਕ ਚੋਣ ਕਮਿਸ਼ਨ ਵੱਲੋਂ ਕੋਈ ਵੀ ਚੋਣ ਨਿਸ਼ਾਨ ਸੰਯੁਕਤ ਸਮਾਜ ਪਾਰਟੀ ਨੂੰ ਜਾਰੀ ਨਹੀਂ ਕੀਤਾ ਗਿਆ। ਚੋਣ ਕਮਿਸ਼ਨ ਵੱਲੋਂ ਜਲਦੀ ਹੀ ਇਸ ਸੰਬੰਧੀ ਐਲਾਨ ਕਰ ਦਿੱਤਾ ਜਾਏਗਾ। ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਇਸ ਨੂੰ ਕਿਸਾਨਾਂ ਦੀ ਵੱਡੀ ਜਿੱਤ ਦੱਸਿਆ ਹੈ।
ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਨਾਂਅ ਦੀ ਪਾਰਟੀ ਬਣਾਈ ਹੈ। ਪਾਰਟੀ ਨੇ 25 ਦਸੰਬਰ ਨੂੰ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਸੀ। ਕਮਿਸ਼ਨ ਵੱਲੋਂ ਉਸ ਦੀ ਅਰਜ਼ੀ ’ਤੇ ਇਤਰਾਜ਼ ਉਠਾਇਆ ਗਿਆ ਸੀ। ਇਸ ਦਾ ਜਵਾਬ ਮੋਰਚੇ ਵੱਲੋਂ 7 ਜਨਵਰੀ ਨੂੰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਮੋਰਚੇ ਨੂੰ ਕਮਿਸ਼ਨ ਵੱਲੋਂ ਮਾਨਤਾ ਨਹੀਂ ਦਿੱਤੀ ਗਈ। ਅਖੀਰ ਚੋਣ ਕਮਿਸ਼ਨ ਨੇ ਮੰਗਲਵਾਰ ਦੇਰ ਸ਼ਾਮ ਸੰਯੁਕਤ ਸਮਾਜ ਮੋਰਚਾ ਪਾਰਟੀ ਨੂੰ ਮਾਨਤਾ ਦੇ ਦਿੱਤੀ।