- ਸ਼ਰਾਬ ਮਾਫੀਆ ਨਾਲ ਕੰਮ ਕਰਨ ਵਾਲੀ ‘ਆਪ’ ਨੇ ਦਿੱਲੀ ‘ਚ ਡਰਾਈ ਡੇ 21 ਤੋਂ ਘਟਾ ਕੇ 3 ਕੀਤੇ
- ਦਿੱਲੀ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਸ਼ਰਾਬ ਦੇ ਠੇਕੇ 250 ਤੋਂ ਵੱਧ ਕੇ 849 ਹੋਏ
- ਕੇਜਰੀਵਾਲ ਦੇ ਪੰਜਾਬ ਪਿਆਰ ਦਾ ਦਾਵਾ ਝੂਠਾ, ਜੇ ਸਹੀ ਤਾਂ ਦਿੱਲੀ ਸਰਕਾਰ ਦੀ ਕੈਬਨਿਟ ਵਿੱਚ ਇੱਕ ਵੀ ਪੰਜਾਬੀ ਜਾਂ ਸਿੱਖ ਮੰਤਰੀ ਕਿਉਂ ਨਹੀਂ ਸ਼ਾਮਲ: ਆਰ.ਪੀ. ਸਿੰਘ
ਚੰਡੀਗੜ੍ਹ: 3 ਫਰਵਰੀ 2022 – ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਅਤੇ ਦਿੱਲੀ ਭਾਜਪਾ ਦੇ ਬੁਲਾਰੇ ਹਰੀਸ਼ ਖੁਰਾਣਾ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਦਿੱਲੀ ਦੇ ਸ਼ਰਾਬ ਮਾਫੀਆ ਨਾਲ ਮਿਲੀ ਹੋਈ ਹੈ ਅਤੇ ਦਿੱਲੀ ਦੀ ਸ਼ਰਾਬ ਦਾ ਪੈਸਾ ਪੰਜਾਬ ਚੋਣਾਂ ਵਿੱਚ ਵਰਤਿਆ ਗਿਆ ਹੈ। ਬੀਤੇ ਦਿਨ 2 ਫਰਵਰੀ ਨੂੰ ਪੰਜਾਬ ਭਾਜਪਾ ਦਫ਼ਤਰ ਵਿਖੇ ਹੋਈ ਪ੍ਰੈਸ ਕਾਨਫਰੰਸ ਵਿੱਚ ਆਰ.ਪੀ. ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਸਿਰਫ਼ 250 ਸ਼ਰਾਬ ਦੀਆਂ ਦੁਕਾਨਾਂ ਸਨ ਪਰ ਪਿਛਲੇ ਦੋ ਮਹੀਨਿਆਂ ਵਿੱਚ ਇਨ੍ਹਾਂ ਦੀ ਗਿਣਤੀ 849 ਹੋ ਗਈ ਹੈ। ਜਦੋਂ ਕਿ ਦਿੱਲੀ ਦੇ 3 ਹਜ਼ਾਰ ਬਾਰ ਅਤੇ ਪੱਬ ਇਨ੍ਹਾਂ ਤੋਂ ਵੱਖਰੇ ਹਨ।
ਆਰਪੀ ਸਿੰਘ ਅਤੇ ਹਰੀਸ਼ ਖੁਰਾਣਾ ਨੇ 24 ਜਨਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਜਾਰੀ ਕੀਤੇ ਗਏ ਆਦੇਸ਼ ਨੂੰ ਦਿਖਾਇਆ, ਜਿਸ ‘ਚ ਦਿੱਲੀ ਦੇ ਸਾਲਾਨਾ ਕੈਲੰਡਰ ਵਿੱਚ 21 ਡਰਾਈ-ਡੇ ਦੀ ਗਿਣਤੀ ਘਟਾ ਕੇ ਸਿਰਫ 3 ਕੀਤੀ ਗਈ ਹੈ।
ਹਰੀਸ਼ ਖੁਰਾਣਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ-ਪੰਜਾਬੀਆਂ ਅਤੇ ਹੋਰਨਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋਵੇ ਜਾਂ ਰਾਮ ਨੌਮੀ ਜਾਂ ਕੋਈ ਹੋਰ ਧਾਰਮਿਕ ਤਿਉਹਾਰ, ਹਰ ਕਿਸੇ ਨੂੰ ਸ਼ਰਾਬ ਪੀਣ ਦੀ ਇਜਾਜ਼ਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਵਿੱਚ ਸ਼ਰਾਬ ’ਤੇ 2 ਫੀਸਦੀ ਕਮਿਸ਼ਨ ਸੀ ਪਰ ਇਸ ਨੂੰ ਵਧਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਠੇਕੇ ਦੇ ਲਾਇਸੈਂਸ ਦੀ ਸਮਾਂ ਸੀਮਾ ਵੀ ਵਧਾ ਕੇ 5 ਸਾਲ ਕਰ ਦਿੱਤੀ ਗਈ ਹੈ।
ਹਰੀਸ਼ ਖੁਰਾਣਾ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਦੇ ਟੈਂਡਰ ਦੇਣ ਸਮੇਂ ਦਿੱਲੀ ਸਰਕਾਰ ਦੇ ਨਿਯਮਾਂ ਅਤੇ ਸ਼ਰਤਾਂ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਗਈ। ਉਨ੍ਹਾਂ ਨੇ ਆਬਕਾਰੀ ਤੇ ਕਰ ਵਿਭਾਗ ਨੂੰ ਸ਼ਿਕਾਇਤ ਭੇਜ ਕੇ 25 ਅਕਤੂਬਰ ਨੂੰ ਤਿੰਨਾਂ ਮੁਲਜ਼ਮ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਸਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਭਾਜਪਾ ਨੇ ਦਿੱਲੀ ਦੇ ਸ਼ਰਾਬ ਮਾਫੀਆ ਦੇ ਪੰਜਾਬ ਨਾਲ ਸਬੰਧ ਹੋਣ ਦੀ ਜਾਣਕਾਰੀ ਦਿੱਤੀ। ‘ਆਪ’ ਦੇ ਭ੍ਰਿਸ਼ਟਾਚਾਰ ਮੁਕਤ ਹੋਣ ਦੇ ਦਾਅਵੇ ‘ਤੇ ਭਾਜਪਾ ਨੇ ਸਵਾਲ ਖੜ੍ਹੇ ਕੀਤੇ ਹਨ।
ਆਰਪੀ ਸਿੰਘ ਅਤੇ ਹਰੀਸ਼ ਖੁਰਾਣਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਪੰਜਾਬੀਆਂ ਨਾਲ ਪਿਆਰ ਕਰਨ ਦੀ ਗੱਲ ਕਰਦੇ ਹਨ ਤਾਂ ਫਿਰ 7 ਸਾਲਾਂ ਵਿੱਚ ਦਿੱਲੀ ਸਰਕਾਰ ਦੀ ਕੈਬਨਿਟ ਵਿੱਚ ਇੱਕ ਵੀ ਪੰਜਾਬੀ ਜਾਂ ਸਿੱਖ ਮੰਤਰੀ ਕਿਉਂ ਨਹੀਂ ਸ਼ਾਮਲ ਕੀਤਾ ਗਿਆ।