ਚੰਡੀਗੜ੍ਹ, 4 ਫਰਵਰੀ 2022 – ਕਾਂਗਰਸੀ ਲੀਡਰ ਰਾਹੁਲ ਗਾਂਧੀ 6 ਫਰਵਰੀ ਨੂੰ ਲੁਧਿਆਣਾ ‘ਚ ਆ ਰਹੇ ਹਨ। ਇੱਥੇ ਉਹ ਵਰਚੂਅਲ ਰੈਲੀ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਚਰਚਾ ਇਹ ਵੀ ਹੈ ਕਿ ਉਹ ਆਪਣੀ ਇਸ ਲੁਧਿਆਣਾ ਫੇਰੀ ਦੌਰਾਨ ਕਾਂਗਰਸ ਦੇ ਸੀ ਐਮ ਚੇਹਰੇ ਦਾ ਐਲਾਨ ਵੀ ਕਰ ਸਕਦੇ ਹਨ। ਇਹ ਵੀ ਦੱਸਣਯੋਗ ਹੈ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀ. ਐੱਮ. ਚਿਹਰੇ ਦੀ ਦੌੜ ‘ਚ ਸਭ ਤੋਂ ਅੱਗੇ ਹਨ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਸੀ. ਐੱਮ. ਚਿਹਰੇ ਦੇ ਦਾਅਵੇਦਾਰ ਹਨ। ਤੀਜਾ ਬਦਲ ਬਿਨਾ ਸੀ. ਐੱਮ ਚਿਹਰੇ ਦਾ ਚੋਣਾਂ ਲੜਨ ਦਾ ਹੈ।
ਇਸ ਸਬੰਧੀ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕਾਂਗਰਸ ਹਾਈਕਮਾਂਡ 6 ਫਰਵਰੀ ਨੂੰ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰੇਗੀ। ਜਦੋਂ ਚੰਨੀ ਅੱਜ ਚਮਕੌਰ ਸਾਹਿਬ ਵਿਖੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰ ਰਹੇ ਸਨ ਉਸ ਸਮੇਂ ਚੰਨੀ ਨੇ ਕਿਹਾ ਸੀ ਕਿ, “ਮੁੱਖ ਮੰਤਰੀ ਉਮੀਦਵਾਰ ਦਾ ਐਲਾਨ 6 ਫਰਵਰੀ ਨੂੰ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਐਲਾਨਿਆ ਗਿਆ ਹੈ, ਉੱਥੇ ਹੀ ਪੰਜਾਬ ਕਾਂਗਰਸ ‘ਤੇ ਲਗਾਤਾਰ ਸੀ. ਐੱਮ. ਚਿਹਰਾ ਐਲਾਨਣ ਦਾ ਦਬਾਅ ਵੱਧ ਰਿਹਾ ਹੈ। ਇਸ ਦੇ ਮੱਦੇਨਜ਼ਰ 6 ਫਰਵਰੀ ਨੂੰ ਪੰਜਾਬ ਕਾਂਗਰਸ ਦੇ ਸੀ. ਐੱਮ. ਚਿਹਰਾ ਦਾ ਐਲਾਨ ਕੀਤਾ ਜਾਵੇਗਾ।