ਚੰਡੀਗੜ੍ਹ, 4 ਫਰਵਰੀ 2022 – ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵੀਰਵਾਰ ਵਾਰ ਰੂਮ ਦੀ ਬੈਠਕ ‘ਚ ਕੋਰੋਨਾ ਦੇ ਕੇਸ ਘੱਟ ਹੋਣ ਕਾਰਨ ਪ੍ਰਸ਼ਾਸਨ ਨੇ ਸ਼ਹਿਰ ਵਿਚ ਲੱਗੀਆਂ ਹੋਰ ਪਾਬੰਦੀਆਂ ਹਟਾਉਣ ਦਾ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ ਨਾਈਟ ਕਰਫਿਊ ਦੇ ਸਮੇਂ ਨੂੰ ਘੱਟ ਕਰ ਦਿੱਤਾ ਹੈ। ਹੁਣ ਰਾਤ 10 ਦੀ ਥਾਂ 12:30 ਤੋਂ ਸਵੇਰੇ 5 ਵਜੇ ਤਕ ਨਾਈਟ ਕਰਫਿਊ ਹੋਵੇਗਾ।
ਨਾਈਟ ਕਰਫਿਊ ਵਿਚ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ’ਤੇ ਰੋਕ ਰਹੇਗੀ। ਐਮਰਜੈਂਸੀ ਸੇਵਾਵਾਂ, ਮੈਡੀਕਲ ਸਿਹਤ, ਜ਼ਰੂਰੀ ਸਾਮਾਨ ਦੀ ਟ੍ਰਾਂਸਪੋਰਟ, ਉਦਯੋਗਾਂ ਤੇ ਦਫਤਰਾਂ ਆਦਿ ਵਿਚ ਕਈ ਸ਼ਿਫਟਾਂ ਦਾ ਸੰਚਾਲਨ, ਕੌਮੀ ਅਤੇ ਰਾਜ ਰਾਜਮਾਰਗਾਂ ’ਤੇ ਵਿਅਕਤੀਆਂ ਅਤੇ ਸਾਮਾਨ ਦੀ ਆਵਾਜਾਈ ਲਈ ਮਨਜ਼ੂਰੀ ਹੋਵੇਗੀ। ਇਸ ਤੋਂ ਇਲਾਵਾ ਬੱਸਾਂ, ਟ੍ਰੇਨਾਂ ਅਤੇ ਹਵਾਈ ਜਹਾਜ਼ਾਂ ਤੋਂ ਉੱਤਰਨ ਤੋਂ ਬਾਅਦ ਆਪਣੀ ਮੰਜ਼ਿਲ ਤਕ ਜਾਣ ਦੀ ਇਜਾਜ਼ਤ ਹੋਵੇਗੀ। ਪ੍ਰਸ਼ਾਸਨ ਨੇ ਬੰਦ ਕੰਪਲੈਕਸਾਂ ਵਿਚ 100 ਅਤੇ ਖੁੱਲ੍ਹੇ ‘ਚ 200 ਲੋਕਾਂ ਦੇ ਇਕੱਠ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਦੋਵਾਂ ਥਾਵਾਂ ’ਤੇ ਸਮਰੱਥਾ ਨਾਲ 50 ਫ਼ੀਸਦੀ ਤੋਂ ਜ਼ਿਆਦਾ ਇਕੱਠ ਨਹੀਂ ਕੀਤਾ ਜਾ ਸਕੇਗਾ। ਸਰਕਾਰੀ, ਨਿੱਜੀ ਅਤੇ ਬੈਂਕਾਂ ਵਿਚ ਹੁਣ 100 ਫ਼ੀਸਦੀ ਕਰਮਚਾਰੀਆਂ ਨਾਲ ਕੰਮ ਕੀਤਾ ਜਾ ਸਕੇਗਾ।