ਚੰਡੀਗੜ੍ਹ, 5 ਫਰਵਰੀ 2022 – ਭਾਜਪਾ ਦੇ ਸਿੱਖ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਵਿਚ ਧਰਮ ਪਰਿਵਰਤਨ ਨੁੰ ਲੈ ਕੇ ਦਿੱਤੇ ਬਿਆਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਦੱਸਣਯੋਗ ਹੈ ਕਿ ਚੰਨੀ ਨੇ ਇਕ ਟੀ ਵੀ ਇੰਟਰਵਿਊ ਵਿਚ ਕਿਹਾ ਹੈ ਕਿ ਸ਼ਾਇਦ ਪਿਆਰ ਨਾ ਮਿਲਣ ਕਾਰਨ ਸਿੱਖ ਜੋ ਹੈ ਉਹ ਇਸਾਈ ਧਰਮ ਅਪਣਾ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਇਸਾਈਆਂ ਦੀਆਂ ਚੰਦ ਵੋਟਾਂ ਲੈਣ ਦੀ ਖਾਤਰ ਅਜਿਹੇ ਸ਼ਰਮਨਾਕ ਬਿਆਨ ਦੇ ਰਹੇ ਹਨ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਬਿ ਨੇ ਆਪਣੇ ਚਾਰ ਸਾਹਿਬਜ਼ਾਦੇ ਤੇ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਸਿੱਖੀ ਦੀ ਬਖਸ਼ਿਸ਼ ਸਾਨੂੰ ਕੀਤੀ ਸੀ। ਇਹ ਫਰਿੱਜ ਤੇ ਟੀ ਵੀ ਦੇ ਕੇ ਖਰੀਦੀ ਸਿੱਖੀ ਨਹੀਂ ਹੈ ਬਲਕਿ ਸ਼ਹਾਦਤਾਂ ਦੇ ਕੇ ਬਣਿਆ ਸਿੱਖ ਧਰਮ ਹੈ।
ਉਹਨਾਂ ਕਿਹਾ ਕਿ ਚੰਨੀ ਦੇ ਇਸ ਬਿਆਨ ਨੇ ਉਹਨਾਂ ਦਾਅਵਿਆਂ ਨੂੰ ਵੀ ਬਲ ਦਿੱਤਾ ਹੈ ਜਿਹਨਾਂ ਵਿਚ ਕਿਹਾ ਗਿਆ ਸੀ ਕਿ ਚੰਨੀ ਨੇ ਇਸਾਈ ਧਰਮ ਅਪਣਾ ਲਿਆ ਹੈ। ਉਹਨਾਂ ਕਿਹਾ ਕਿ ਅੱਜ ਦੇ ਬਿਆਨ ਤੋਂ ਬਾਅਦ ਚੰਨੀ ਬਾਰੇ ਕੀਤੇ ਜਾ ਰਹੇ ਇਹ ਦਾਅਵੇ ਸਹੀ ਜਾਪਦੇ ਹਨ।
ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੁੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਚੰਨੀ ਦੇ ਖਿਲਾਫ ਕਾਰਵਾਈ ਕਰਨ। ਉਹਨਾਂ ਕਿਹਾ ਕਿ ਪੰਜਾਬ ਦਾ ਇਕ ਸਿੱਖ ਮੁੱਖ ਮੰਤਰੀ ਅਜਿਹਾ ਬਿਆਨ ਦੇਵੇ, ਇਸ ਤੋਂ ਸ਼ਰਮਨਾਕ ਗੱਲ ਹੋਰ ਕੋਈ ਨਹੀਂ ਹੋ ਸਕਦੀ।