ਚੰਡੀਗੜ੍ਹ, 5 ਫਰਵਰੀ 2022 – ਬੀਤੇ ਦਿਨ ਸ਼ੁੱਕਰਵਾਰ ਦੁਪਹਿਰ ਨੂੰ ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ ਸੰਯੁਕਤ ਸਮਾਜ ਮੋਰਚਾ (SSM) ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ। ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਪੰਜਾਬ ‘ਚ ਕਿਸਾਨ ਫਰੰਟ ਚੋਣ ਨਿਸ਼ਾਨ ‘ਮੰਜੇ’ ‘ਤੇ ਹੀ ਚੋਣ ਲੜੇਗਾ। ਪਰ ਬਾਅਦ ਚ ਪਤਾ ਲੱਗਿਆ ਕਿ ਆਜ਼ਾਦ ਉਮੀਦਵਾਰ ਵਜੋਂ ਕਿਸਾਨਾਂ ਵੱਲੋਂ ਨਾਮਜ਼ਦਗੀਆਂ ਕਰਵਾਈਆਂ ਗਈਆਂ ਸਨ ਜਿਸ ਕਾਰਨ ਕੁੱਝ ਕਿਸਾਨਾਂ ਨੂੰ ਹੋਰ ਵੀ ਚੋਣ ਨਿਸ਼ਾਨ ਅਲਾਟ ਹੋਏ ਹਨ। ਜਦੋਂ ਕਿ ਜ਼ਿਆਦਾਤਰ ਕਿਸਾਨਾਂ ਚੋਣ ਨਿਸ਼ਾਨ ਮੰਜਾ ਹੀ ਮਿਲਿਆ ਹੈ।
ਸੰਯੁਕਤ ਸਮਾਜ ਮੋਰਚਾ ਦੇ ਮੈਂਬਰ ਸੈਂਟਰਲ ਲੀਗਲ ਟੀਮ ਦੇ ਬੁਲਾਰੇ ਸਤਬੀਰ ਸਿੰਘ ਵਾਲੀਆ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਬਿਆਨ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਕਿ, ਸੰਯੁਕਤ ਮੋਰਚੇ ਨੂੰ ਇੱਕ ਹੀ ਚੋਣ ਨਿਸ਼ਾਨ (ਮੰਜਾ) ਚਾਰਪਾਈ ਮਿਲਿਆ ਹੈ ਜੋ ਕਿ ਸੱਚ ਨਹੀਂ ਹੈ।
ਸਤਬੀਰ ਸਿੰਘ ਵਾਲੀਆ ਨੇ ਆਪਣੇ ਜਾਰੀ ਬਿਆਨ ਵਿੱਚ ਇਹ ਵੀ ਦੱਸਿਆ ਕਿ, ਸੰਯੁਕਤ ਸਮਾਜ ਮੋਰਚੇ ਦੇ ਆਜ਼ਾਦ ਉਮੀਦਵਾਰਾਂ ਨੂੰ ਕਰੀਬ 65% ਨੂੰ ਮੰਜਾ, 30% ਨੂੰ ਹਾਂਡੀ (ਘੜਾ) ਕੁਝ ਨੂੰ ਹੋਰ ਚੋਣ ਨਿਸ਼ਾਨ ਮਿਲੇ ਹਨ।
ਪਰ ਕਿਸਾਨਾਂ ਵੱਲੋਂ ਚੋਣ ਨਿਸ਼ਾਨ ਵਜੋਂ ਟਰੈਕਟਰ ਦੀ ਮੰਗ ਕੀਤੀ ਜਾ ਰਹੀ ਹੈ। ਜੋ ਕਿ ਮੰਗ ਪੂਰੀ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਵੀ ਕਿਸਾਨਾਂ ਨੂੰ ਆਪਣਾ ਫਰੰਟ ਰਜਿਸਟਰਡ ਕਰਵਾਉਣ ਲਈ ਸਖ਼ਤ ਮਿਹਨਤ ਕਰਨੀ ਪਈ ਸੀ। ਉਨ੍ਹਾਂ ਨੇ ਚੋਣ ਕਮਿਸ਼ਨ ‘ਤੇ ਵੀ ਦੋਸ਼ ਲਗਾਏ ਸਨ। ਹਾਲਾਂਕਿ ਨਾਮਜ਼ਦਗੀ ਖਤਮ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚਾ ਨੂੰ ਸਿਆਸੀ ਸੰਗਠਨ ਵਜੋਂ ਮਨਜ਼ੂਰੀ ਦੇ ਦਿੱਤੀ ਹੈ।