ਚੰਡੀਗੜ੍ਹ, 5 ਫਰਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਕਾਂਗਰਸ ਗਠਜੋੜ ਵੱਲੋਂ ਆਪਸੀ ਤਾਲਮੇਲ ਸਥਾਪਿਤ ਕਰਨ ਲਈ ਤਿੰਨ ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਸ: ਤੇਜਿੰਦਰਪਾਲ ਸਿੰਘ ਸੰਧੂ, ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਸੁਭਾਸ਼ ਸ਼ਰਮਾ ਅਤੇ ਪੰਜਾਬ ਲੋਕ ਕਾਂਗਰਸ ਦੇ ਸ: ਐੱਮ.ਪੀ ਸਿੰਘ ਨੂੰ ਮੈਂਬਰ ਬਣਾਇਆ ਗਿਆ ਹੈ।
ਤਿੰਨਾਂ ਪਾਰਟੀਆਂ ਵੱਲੋਂ ਗਠਿਤ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਆਪਸ ਵਿੱਚ ਤਾਲਮੇਲ ਕਰਕੇ ਚੋਣਾਂ ਵਿੱਚ ਇੱਕ-ਦੂਜੇ ਨੂੰ ਪੂਰਾ ਸਹਿਯੋਗ ਦੇਣਗੇ ਤਾਂ ਜੋ ਪੰਜਾਬ ਵਿੱਚ ਭਾਜਪਾ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਦੀ ਸਰਕਾਰ ਬਣਾਈ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਸ: ਤੇਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਤਿੰਨਾਂ ਪਾਰਟੀਆਂ ਵੱਲੋਂ ਗਠਿਤ ਕੀਤੀ ਗਈ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਹੋਣ ਵਾਲੀ ਵਰਚੂਅਲ ਰੈਲੀ ਤੋਂ ਲੈ ਕੇ ਸੂਬੇ ਵਿੱਚ ਪ੍ਰਚਾਰ ਲਈ ਆਉਣ ਵਾਲੇ ਸੀਨੀਅਰ ਲੀਡਰਾਂ ਅਤੇ ਤਿੰਨਾਂ ਪਾਰਟੀਆਂ ਵੱਲੋਂ ਜਾਰੀ ਹੋਣ ਵਾਲੇ ਮੈਨੀਫੈਸਟੋ ਤੋਂ ਇਲਾਵਾ ਚੋਣਾਂ ਸਬੰਧੀ ਹੋਰ ਮਹੱਤਵਪੂਰਨ ਕੰਮਾਂ ਲਈ ਤਾਲਮੇਲ ਕਰੇਗੀ।