ਨਵੀਂ ਦਿੱਲੀ, 6 2ਫਰਵਰੀ 2022 – U-19 ਵਿਸ਼ਵ ਕੱਪ ਫਾਈਨਲ ਦੇ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਪੰਜਵੀਂ ਵਾਰ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਪੂਰੀ ਟੀਮ 44.5 ਓਵਰਾਂ ‘ਚ 189 ਦੌੜਾਂ ‘ਤੇ ਢੇਰ ਹੋ ਗਈ। ਜੇਮਸ ਰਿਯੂ ਨੇ ਸਭ ਤੋਂ ਵੱਧ 95 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਜੇਮਸ ਸੇਲਜ਼ 34 ਦੌੜਾਂ ਬਣਾ ਕੇ ਨਾਬਾਦ ਰਹੇ। ਸੇਲਜ਼ ਅਤੇ ਰਿਯੂ ਨੇ ਅੱਠਵੀਂ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦੀ ਬਦੌਲਤ ਇੰਗਲਿਸ਼ ਟੀਮ ਸਨਮਾਨਜਨਕ ਸਕੋਰ ਖੜ੍ਹਾ ਕਰ ਸਕੀ। ਭਾਰਤ ਲਈ ਰਾਜ ਅੰਗਦ ਬਾਵਾ ਨੇ ਪੰਜ ਵਿਕਟਾਂ ਲਈਆਂ। ਰਵੀ ਕੁਮਾਰ ਨੇ ਚਾਰ ਅਤੇ ਕੌਸ਼ਲ ਤਾਂਬੇ ਨੇ ਇੱਕ ਵਿਕਟ ਲਈ।
ਜਵਾਬ ‘ਚ ਭਾਰਤ ਨੇ 47.4 ਓਵਰਾਂ ‘ਚ ਛੇ ਵਿਕਟਾਂ ‘ਤੇ 195 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਨਿਸ਼ਾਂਤ ਸਿੰਧੂ (ਅਜੇਤੂ 50) ਅਤੇ ਉਪ ਕਪਤਾਨ ਸ਼ੇਖ ਰਾਸ਼ਿਦ (50 ਦੌੜਾਂ) ਨੇ ਅਰਧ ਸੈਂਕੜੇ ਜੜੇ। ਇਸ ਦੇ ਨਾਲ ਹੀ ਰਾਜ ਬਾਵਾ ਨੇ 35 ਅਤੇ ਹਰਨੂਰ ਸਿੰਘ ਨੇ 21 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਲਈ ਜੋਸ਼ੂਆ ਬੋਇਡਨ, ਥਾਮਸ ਸਪਿਨਵਾਲ ਅਤੇ ਜੇਮਸ ਸੇਲਸ ਨੇ ਦੋ-ਦੋ ਵਿਕਟਾਂ ਲਈਆਂ।
ਇਸ ਸ਼ਾਨਦਾਰ ਜਿੱਤ ਬਾਅਦ ਭਾਰਤੀ ਟੀਮ ‘ਤੇ ਇਨਾਮਾਂ ਦੀ ਵਰਖਾ ਹੋਈ ਹੈ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਜੇਤੂ ਟੀਮ ਦੇ ਮੈਂਬਰਾਂ ਲਈ 40 ਲੱਖ ਰੁਪਏ ਅਤੇ ਸਹਾਇਕ ਸਟਾਫ ਲਈ 25 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਬੋਰਡ ਦੇ ਸਕੱਤਰ ਜੈ ਸ਼ਾਹ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਿਨਾ ਸੌਰਵ ਗਾਂਗੁਲੀ ਨੇ ਟਵੀਟ ਕੀਤਾ ਅਤੇ ‘ਅੰਡਰ-19 ਟੀਮ, ਸਹਿਯੋਗੀ ਸਟਾਫ ਅਤੇ ਚੋਣਕਾਰਾਂ ਨੂੰ ਵਿਸ਼ਵ ਕੱਪ ਇੰਨੇ ਸ਼ਾਨਦਾਰ ਤਰੀਕੇ ਨਾਲ ਜਿੱਤਣ ਲਈ ਵਧਾਈ। ਸਾਡੀ ਤਰਫੋਂ 40 ਲੱਖ ਦੇ ਨਕਦ ਇਨਾਮ ਦਾ ਐਲਾਨ ਪ੍ਰਸ਼ੰਸਾ ਦਾ ਇੱਕ ਛੋਟਾ ਜਿਹਾ ਤੋਹਫ਼ਾ ਹੈ।’
ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਜਿੱਤਣ ‘ਤੇ ਭਾਰਤੀ ਟੀਮ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਾਡੇ ਨੌਜਵਾਨ ਕ੍ਰਿਕਟਰਾਂ ‘ਤੇ ਬਹੁਤ ਮਾਣ ਹੈ। ਭਾਰਤੀ ਟੀਮ ਨੂੰ ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਜਿੱਤਣ ‘ਤੇ ਵਧਾਈਆਂ। ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਭਾਰਤੀ ਕ੍ਰਿਕਟ ਦਾ ਭਵਿੱਖ ਸੁਰੱਖਿਅਤ ਅਤੇ ਸਮਰੱਥ ਹੱਥਾਂ ਵਿਚ ਹੈ।